
ਆਰਜੇਡੀ ਸੁਪ੍ਰੀਮੋ ਲਾਲੂ ਪ੍ਰਸਾਦ ਦੇ ਛੋਟੇ ਬੇਟੇ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਬਿਹਾਰ ਸਰਕਾਰ ਦੁਆਰਾ ਨਿਰਧਾਰਤ ਨਵੇਂ ਸਰਕਾਰੀ ਬੰਗਲੇ ਵਿੱਚ ਰਹਿਣ ਤੋਂ ਇਨਕਾਰ ਕਰ ਦਿੱਤਾ ਹੈ। ਸੱਤਾ ਤੋਂ ਬੇਦਖ਼ਲ ਹੋਣ ਦੇ ਬਾਅਦ ਬਿਹਾਰ ਵਿੱਚ ਨਵੀਂ ਸਰਕਾਰ ਨੇ ਤੇਜਸਵੀ ਯਾਦਵ ਨੂੰ1 ਪੋਲੋ ਰੋਡ ਦਾ ਬੰਗਲਾ ਨਿਰਧਾਰਤ ਕੀਤਾ ਹੈ, ਜਿਸ ‘ਚ ਹੁਣ ਤੱਕ ਭਾਜਪਾ ਨੇਤਾ ਅਤੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਰਹਿ ਰਹੇ ਸਨ।
ਨਵੀਂ ਸਰਕਾਰ ਬਣਨ ਤੋਂ ਪਹਿਲਾਂ 1 ਪੋਲੋ ਰੋਡ ਦਾ ਬੰਗਲਾ ਸੁਸ਼ੀਲ ਮੋਦੀ ਨੂੰ ਸਾਬਕਾ ਉਪ ਮੁੱਖ ਮੰਤਰੀ ਦੇ ਤੌਰ ‘ਤੇ ਨਿਰਧਾਰਿਤ ਕੀਤਾ ਗਿਆ ਸੀ। ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਜਦੋਂ ਸਾਲ 2013 ਵਿੱਚ ਭਾਜਪਾ ਤੋਂ ਗੱਠਜੋੜ ਤੋੜਿਆ ਸੀ ਤਾਂ ਉਦੋਂ ਤੋਂ ਸੁਸ਼ੀਲ ਮੋਦੀ ਪੋਲੋ ਰੋਡ ਸਥਿਤ ਇਸ ਬੰਗਲੇ ਵਿੱਚ ਰਹੇ ਸਨ। ਸਾਲ 2015 ਵਿੱਚ ਉਪ ਮੁੱਖ ਮੰਤਰੀ ਬਣਨ ਦੇ ਬਾਅਦ ਤੇਜਸਵੀ ਯਾਦਵ ਨੂੰ 3 ਦੇਸ਼ ਰਤਨ ਮਾਰਗ ਵਾਲਾ ਆਲੀਸ਼ਾਨ ਬੰਗਲਾ ਨਿਰਧਾਰਿਤ ਕੀਤਾ ਗਿਆ ਸੀ।
ਪਰ ਸੱਤਾ ਤੋਂ ਬੇਦਖ਼ਲ ਹੋਣ ਦੇ ਬਾਅਦ ਬਿਹਾਰ ਸਰਕਾਰ ਦੇ ਭਵਨ ਉਸਾਰੀ ਵਿਭਾਗ ਨੇ ਤੇਜਸਵੀ ਨੂੰ 3 ਦੇਸ਼ ਰਤਨ ਮਾਰਗ ਦਾ ਬੰਗਲਾ ਖਾਲੀ ਕਰ 1 ਪੋਲੋ ਰੋਡ ਵਾਲਾ ਬੰਗਲਾ ਨਿਰਧਾਰਿਤ ਕਰ ਦਿੱਤਾ। ਬਿਹਾਰ ਸਰਕਾਰ ਦੇ ਫੈਸਲੇ ਤੋਂ ਨਰਾਜ ਤੇਜਸਵੀ ਨੇ ਇਸ ਸਬੰਧ ਵਿੱਚ ਮੁੱਖ ਮੰਤਰੀ ਨੀਤਿਸ਼ ਕੁਮਾਰ ਨੂੰ ਪੱਤਰ ਵੀ ਲਿਖਿਆ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਜਿਸ ਤਰੀਕੇ ਨਾਲ ਸੁਸ਼ੀਲ ਮੋਦੀ ਉਪ ਮੁੱਖ ਮੰਤਰੀ ਅਤੇ ਫਿਰ ਸਾਬਕਾ ਉਪ ਮੁੱਖ ਮੰਤਰੀ ਰਹਿੰਦੇ ਹੋਏ 1 ਪੋਲੋ ਰੋਡ ਦੇ ਬੰਗਲੇ ਵਿੱਚ ਜੰਮੇ ਰਹੇ ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਉਪ ਮੁੱਖ ਮੰਤਰੀ ਦੇ ਤੌਰ ‘ਤੇ ਨਿਰਧਾਰਿਤ 3 ਦੇਸ਼ਰਤਨ ਮਾਰਗ ਦੇ ਬੰਗਲੇ ਨੂੰ ਸਾਬਕਾ ਉਪ ਮੁੱਖ ਮੰਤਰੀ ਦੇ ਤੌਰ ‘ਤੇ ਅੱਗੇ ਵੀ ਨਿਰਧਾਰਿਤ ਰਹਿਣ ਦਿੱਤਾ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਬਿਹਾਰ ਸਰਕਾਰ ਨੇ ਤੇਜਸਵੀ ਯਾਦਵ ਦੀ ਇਸ ਅਪੀਲ ਨੂੰ ਨਾਮੰਜੂਰ ਕਰ ਦਿੱਤਾ ਹੈ ਜਿਸਦੇ ਬਾਅਦ ਤੇਜਸਵੀ ਨੇ ਫੈਸਲਾ ਕੀਤਾ ਹੈ ਕਿ ਉਹ 1 ਪੋਲੋ ਰੋਡ ਵਾਲੇ ਬੰਗਲੇ ‘ਚ ਸ਼ਿਫਟ ਨਹੀਂ ਹੋਣਗੇ, ਸਗੋਂ 10 ਸਰਕੂਲਰ ਰੋਡ ਵਿੱਚ ਹੀ ਰਹਿਣਗੇ ਮਤਲਬ ਤੇਜਸਵੀ ਨੇ ਫੈਸਲਾ ਕਰ ਲਿਆ ਹੈ ਕਿ ਫਿਲਹਾਲ ਉਹ ਲਾਲੂ ਅਤੇ ਰਾਬੜੀ ਦੇ ਨਾਲ ਹੀ ਰਹਿਣਗੇ। ਦਰਅਸਲ ਇਹ ਸਾਬਕਾ ਮੁੱਖ ਮੰਤਰੀ ਦੇ ਤੌਰ ‘ਤੇ ਰਾਬੜੀ ਦੇਵੀ ਨੂੰ ਨਿਰਧਾਰਿਤ ਕੀਤਾ ਗਿਆ ਹੈ ਅਤੇ ਤੇਜਸਵੀ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਸਨ।