
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੱਕ ਸਹਾਇਕ ਪ੍ਰੋਫੈਸਰ ਨੂੰ ਅਗਵਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਯੂਨੀਵਰਸਿਟੀ ਪ੍ਰਸਾਸ਼ਨ ਨੇ ਸਾਰੀ ਖਬਰ ਬਾਰੇ ਪੁਲਿਸ ਨੂੰ ਦੱਸਿਆ, ਜਿਸ ਤੋਂ ਬਾਅਦ ਪੁਲਿਸ ਨੇ ਲੜਕੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਲੜਕੀ ਮੋਗਾ ਜਿਲ੍ਹੇ ਦੇ ਬਾਘਾ ਪੁਰਾਣਾ ਕਸਬੇ ਤੋਂ ਹੈ। ਜੀ.ਐੱਨ.ਡੀ.ਯੂ. ਦੇ ਹਿੰਦੀ ਵਿਭਾਗ 'ਚ ਬਤੌਰ ਸਹਾਇਕ ਪ੍ਰੋਫੈਸਰ ਵਜੋਂ ਨੌਕਰੀ ਕਰ ਰਹੀ ਸੀ। ਜੀ.ਐੱਨ.ਡੀ.ਯੂ. ਦੇ ਸੁਰੱਖਿਆ ਅਫ਼ਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਕੌਰ ਹਿੰਦੀ ਵਿਭਾਗ 'ਚ ਬਤੌਰ ਸਹਾਇਕ ਪ੍ਰੋਫੈਸਰ ਵਜੋਂ ਨੌਕਰੀ ਕਰ ਰਹੀ ਸੀ ਅਤੇ ਯੂਨੀਵਰਸਿਟੀ 'ਚ ਹੀ ਬਣੇ ਫੈਕਲਟੀ ਹਾਊਸ 'ਚ ਰਹਿੰਦੀ ਸੀ।
ਬੀਤੇ ਸੋਮਵਾਰ ਨੂੰ ਉਸ ਦੀ ਡਿਊਟੀ ਵਿਭਾਗ 'ਚ ਹੀ ਵਿਦਿਆਰਥੀਆਂ ਦੀ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਉਸ ਨੇ ਪੇਪਰ ਵਿਭਾਗ ਕੋਲ ਜਮ੍ਹਾਂ ਕਰਾ ਦਿੱਤੇ ਤੇ ਉਹ ਫੈਕਲਟੀ ਹਾਊਸ ਵਾਪਸ ਚਲੀ ਗਈ ਤੇ ਉੱਥੋਂ ਹੀ ਉਹ ਬਾਘਾ ਪੁਰਾਣਾ ਨੂੰ ਰਵਾਨਾ ਹੋ ਗਈ। ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਮਗਰੋਂ ਬੀਤੇ ਵੀਰਵਾਰ ਲੜਕੀ ਦੇ ਪਿਤਾ ਨੇ ਹਿੰਦੀ ਵਿਭਾਗ ਦੀ ਮੁਖੀ ਨੂੰ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸੋਮਵਾਰ ਤੋਂ ਬਾਅਦ ਘਰ ਨਹੀਂ ਆਈ ਅਤੇ ਵੀਰਵਾਰ ਨੂੰ ਉਨ੍ਹਾਂ ਦੀ ਲੜਕੀ ਦੇ ਮੋਬਾਈਲ ਨੰਬਰ ਤੋਂ ਉਨ੍ਹਾਂ ਨੂੰ ਇਕ ਅਣਜਾਣ ਵਿਅਕਤੀ ਦਾ ਫ਼ੋਨ ਆਇਆ ।
ਉਸ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਉਸ ਦੇ ਕਬਜ਼ੇ 'ਚ ਹੈ ਅਤੇ ਫ਼ੋਨ ਕਰਨ ਵਾਲੇ ਵਿਅਕਤੀ ਨੇ 3 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਇਹ ਪੈਸੇ ਉਹ ਆਪਣੀ ਬੇਟੀ ਦੇ ਬੈਂਕ ਖਾਤੇ 'ਚ ਜਮ੍ਹਾਂ ਕਰਵਾ ਦੇਣ। ਯੂਨੀਵਰਸਿਟੀ ਪ੍ਰਬੰਧਨ ਨੇ ਅਗਵਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਛਾਉਣੀ ਦੀ ਪੁਲਿਸ ਨਾਲ ਸੰਪਰਕ ਕੀਤਾ ਅਤੇ ਪੁਲਿਸ ਵੀਰਵਾਰ ਦੇਰ ਰਾਤ ਯੂਨੀਵਰਸਿਟੀ 'ਚ ਅਧਿਆਪਕਾਂ ਦੇ ਰਹਿਣ ਲਈ ਬਣੇ ਫੈਕਲਟੀ ਹਾਊਸ 'ਚ ਗਈ ਅਤੇ ਉੱਥੇ ਉਨ੍ਹਾਂ ਨੇ ਹੋਰਨਾਂ ਅਧਿਆਪਕਾਂ ਕੋਲੋਂ ਵੀ ਜਾਣਕਾਰੀ ਹਾਸਲ ਕੀਤੀ।
ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਪੁਲਿਸ ਨੇ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀਆਂ ਦੀ ਹਾਜ਼ਰੀ 'ਚ ਉਕਤ ਲੜਕੀ ਦੇ ਕਮਰੇ ਦਾ ਤਾਲਾ ਤੋੜ ਕੇ ਕਈ ਚੀਜ਼ਾਂ ਨੂੰ ਕਬਜ਼ੇ 'ਚ ਲਿਆ। ਇਸ ਬਾਰੇ ਥਾਣਾ ਛਾਉਣੀ ਦੇ ਐੱਸ.ਐੱਚ.ਓ. ਇੰਸਪੈਕਟਰ ਪ੍ਰਵੇਸ਼ ਚੋਪੜਾ ਨੇ ਕਿਹਾ ਕਿ ਲੜਕੀ ਦੇ ਭਰਾ ਦੀ ਸ਼ਿਕਾਇਤ 'ਤੇ ਉਨ੍ਹਾਂ ਨੇ ਅਗਵਾ ਦਾ ਮਾਮਲਾ ਦਰਜ ਕਰ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।