
ਕੈਪਟਨ ਸਰਕਾਰ ਵਲੋਂ ਸਾਲ 2018 ਵਿਚ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿਚ ਵੱਡਾ ਫੇਰ-ਬਦਲ ਦੇਖਣ ਨੂੰ ਮਿਲਿਆ। ਕਰਮਚਾਰੀਆਂ ਨੂੰ ਮਿਲਣ ਵਾਲੀਆਂ ਗਜ਼ਟਿਡ ਛੁੱਟੀਆਂ 34 ਤੋਂ ਘਟਾ ਕੇ 18 ਕਰ ਦਿੱਤੀਆਂ ਗਈਆਂ ਹਨ। ਜਦਕਿ ਰਾਖਵੀਆਂ 18 ਛੁੱਟੀਆਂ ਨੂੰ ਵਧਾ ਕੇ ਗਿਣਤੀ 37 ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਕਈ ਅਹਿਮ ਛੁੱਟੀਆਂ ਨੂੰ ਗਜ਼ਟਿਡ ਛੁੱਟੀਆਂ ਦੀ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ।
ਸ਼ਹੀਦ ਭਗਤ ਸਿੰਘ ਦੇ ਜਨਮ ਤੇ ਸ਼ਹੀਦੀ ਦਿਵਸ, ਮਹਾਸ਼ਿਵਰਾਤਰੀ, ਨਾਮਧਾਰੀ ਗੁਰੂ ਰਾਮ ਸਿੰਘ, ਵਿਸਾਖੀ, ਪਰਸ਼ੂਰਾਮ ਜਯੰਤੀ, ਮਈ ਦਿਵਸ, ਕਬੀਰ ਜਯੰਤੀ, ਊਧਮ ਸਿੰਘ ਦਾ ਸ਼ਹੀਦੀ ਦਿਵਸ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ, ਈਦ ਉਲ ਜੂਹਾ, ਅਗਰਸੈਨ ਜਯੰਤੀ, ਵਿਸ਼ਵਕਰਮਾ ਦਿਵਸ ਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਹੁਣ ਗਜ਼ਟਿਡ ਛੁੱਟੀਆਂ ਦੀ ਸੂਚੀ ਵਿਚ ਸ਼ਾਮਲ ਨਹੀਂ ਹਨ।
ਇਸ ਤਰ੍ਹਾਂ ਹੁਣ ਇਨ੍ਹਾਂ ਦਿਨਾਂ ਨੂੰ ਸਰਕਾਰੀ ਛੁੱਟੀ ਨਹੀਂ ਹੋਵੇਗੀ। ਇਨ੍ਹਾਂ ਨੂੰ 37 ਰਾਖਵੀਆਂ ਛੁੱਟੀਆਂ ਵਿਚ ਸ਼ਾਮਲ ਕੀਤਾ ਗਿਆ ਹੈ ਤੇ ਕਰਮਚਾਰੀ ਇਨ੍ਹਾਂ ਵਿਚੋਂ ਆਪਣੀ ਪਸੰਦ ਮੁਤਾਬਿਕ ਸਾਲ ਵਿਚ 5 ਛੁੱਟੀਆਂ ਲੈ ਸਕਦੇ ਹਨ।
ਗਜ਼ਟਿਡ ਛੁੱਟੀਆਂ : ਰਾਜ ਸਰਕਾਰ ਦੇ ਪਰਸੋਨਲ ਵਿਭਾਗ ਵਲੋਂ ਜਾਰੀ ਸੂਚੀ ਅਨੁਸਾਰ ਸਾਲ 2016 ਵਿਚ ਵੀ 34 ਗਜ਼ਟਿਡ ਛੁੱਟੀਆਂ ਦੇ ਮੁਕਾਬਲੇ ਹੁਣ ਐਲਾਨ ਕੀਤੀਆਂ ਗਈਆਂ 18 ਛੁੱਟੀਆਂ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ, 31 ਜਨਵਰੀ ਨੂੰ ਜਨਮ ਦਿਵਸ ਸ੍ਰੀ ਗੁਰੂ ਰਵਿਦਾਸ, 2 ਮਾਰਚ ਨੂੰ ਹੋਲੀ, 25 ਮਾਰਚ ਨੂੰ ਰਾਮਨੌਮੀ, 29 ਮਾਰਚ ਨੂੰ ਮਹਾਵੀਰ ਜਯੰਤੀ, 30 ਮਾਰਚ ਨੂੰ ਗੁਡ ਫ੍ਰਾਈਡੇ, 14 ਅਪ੍ਰੈਲ ਨੂੰ ਜਨਮ ਦਿਵਸ ਡਾ. ਬੀ. ਆਰ. ਅੰਬੇਡਕਰ, 16 ਜੂਨ ਨੂੰ ਈਦ-ਉਲ-ਫਿਤਰ, 17 ਜੂਨ ਨੂੰ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜੁਨ ਦੇਵ ਜੀ, 15 ਅਗਸਤ ਨੂੰ ਸੁਤੰਤਰਤਾ ਦਿਵਸ, 3 ਸਤੰਬਰ ਨੂੰ ਜਨਮ ਅਸ਼ਟਮੀ, 2 ਅਕਤੂਬਰ ਨੂੰ ਗਾਂਧੀ ਜਯੰਤੀ, 19 ਅਕਤੂਬਰ ਨੂੰ ਦੁਸਹਿਰਾ, 24 ਅਕਤੂਬਰ ਨੂੰ ਜਨਮ ਦਿਵਸ ਮਹਾਰਿਸ਼ੀ ਵਾਲਮੀਕਿ, 7 ਨਵੰਬਰ ਨੂੰ ਦੀਵਾਲੀ, 23 ਨਵੰਬਰ ਨੂੰ ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ, 25 ਦਸੰਬਰ ਨੂੰ ਕ੍ਰਿਸਮਸ ਦਿਵਸ 'ਤੇ ਗਜ਼ਟਿਡ ਛੁੱਟੀ ਹੋਵੇਗੀ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਕੀਤੀ ਗਈ ਹੈ ਪਰ ਇਸ ਦੀ ਤਰੀਕ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।