
1600 ਸੇਵਾ ਕੇਂਦਰ ਹੋਣਗੇ ਬੰਦ
ਫ਼ਿਰੋਜ਼ਪੁਰ, 26 ਦਸੰਬਰ (ਬਲਬੀਰ ਸਿੰਘ ਜੋਸਨ) : ਸੱਤਾ 'ਚ ਆਉਂਦਿਆਂ ਹੀ ਕਾਂਗਰਸ ਸਰਕਾਰ ਵਲੋਂ ਪਹਿਲਾਂ ਬਾਦਲਾਂ ਵਲੋਂ ਹਰੀਕੇ ਝੀਲ 'ਚ ਚਲਾਈ ਪਾਣੀ ਵਾਲੀ ਬੱਸ ਨੂੰ ਬਰੇਕਾਂ ਲਾਈਆਂ ਅਤੇ ਹੁਣ ਸੇਵਾ ਕੇਂਦਰਾਂ ਨੂੰ ਤਾਲੇ ਲਗਾਉਣ ਦੀ ਤਿਆਰੀ ਵਿਚ ਹੈ।ਇਕ ਸਰਕਾਰੀ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੀ ਅਕਾਲੀ ਗਠਜੋੜ ਸਰਕਾਰ ਵਲੋਂ ਕਰੀਬ 23-24 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕਰ ਕੇ ਰਾਜ ਵਿਚ ਕਰੀਬ ਤਿੰਨ ਜਾਂ ਚਾਰ ਪਿੰਡਾਂ ਪਿੱਛੇ ਇਕ ਸੇਵਾ ਕੇਂਦਰ ਸਥਾਪਤ ਕੀਤਾ ਸੀ, ਤਾਕਿ ਆਮ ਲੋਕਾਂ ਨੂੰ ਮੌਜੂਦਾ ਸਮੇਂ 100 ਦੇ ਕਰੀਬ ਸੁਵਿਧਾਵਾਂ ਦਾ ਲਾਭ ਦੇ ਕੇ ਕਾਗ਼ਜ਼ਾਤ ਬਣਾਉਣ ਲਈ ਬਲਾਕ ਜਾਂ ਜ਼ਿਲ੍ਹਾ ਪੱਧਰ ਜਾਣ ਸਮੇਂ ਹੁੰਦੀ ਖ਼ੱਜਲ-ਖੁਆਰੀ ਅਤੇ ਸਮੇਂ ਦੀ ਬਰਬਾਦੀ ਨੂੰ ਠੱਲ੍ਹ ਪਾਈ ਜਾ ਸਕੇ।ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਸੂਬੇ ਵਿਚ ਚੱਲ ਰਹੇ 2140 ਸੇਵਾ ਕੇਂਦਰਾਂ ਵਿਚੋਂ ਲਗਭਗ 75 ਫ਼ੀ ਸਦੀ ਕਰੀਬ 1600 ਕੇਂਦਰ ਬੰਦ ਕਰਨ ਦਾ ਫ਼ੈਸਲਾ ਬੀਤੇ ਦਿਨੀਂ ਪੰਜਾਬ ਦੇ ਮੁੱਖ ਸਕੱਤਰ ਕਰਨ
ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਹੋਈ ਮੀਟਿੰਗ 'ਚ ਲਿਆ ਹੈ। ਇਨ੍ਹਾਂ ਸੇਵਾ ਕੇਂਦਰਾਂ ਦੇ ਬੰਦ ਹੋਣ ਨਾਲ ਜਿਥੇ ਹੇਠਲੇ ਵਰਗ ਦੇ ਲੋਕਾਂ ਦੀ ਖ਼ੱਜਲ-ਖੁਆਰੀ ਵਧੇਗੀ, ਉਥੇ ਹੀ ਸਾਰਾ ਕੰਮ ਬਲਾਕ ਜਾਂ ਜ਼ਿਲ੍ਹਾ ਪੱਧਰ 'ਤੇ ਹੋ ਜਾਣ ਨਾਲ ਭ੍ਰਿਸ਼ਟਾਚਾਰ ਵਿਚ ਵੀ ਹੋਰ ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਜਾਣਕਾਰੀ ਮੁਤਾਬਕ 31 ਮਾਰਚ 2018 ਤਕ ਬੰਦ ਹੋ ਰਹੇ ਇਨ੍ਹਾਂ ਸੇਵਾ ਕੇਂਦਰਾਂ ਕਾਰਨ ਅਪਣੇ ਘਰਾਂ ਨੇੜੇ ਮਿਲ ਰਹੀਆਂ ਸਰਕਾਰੀ ਸਹੂਲਤਾਂ ਤੋਂ ਵਾਂਝੇ ਹੋਣ ਵਾਲੇ ਪੇਂਡੂ ਲੋਕਾਂ ਵਿਚ ਸਰਕਾਰ ਪ੍ਰਤੀ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ ਸੂਬੇ ਦੇ ਏ, ਬੀ ਅਤੇ ਸੀ ਸ਼੍ਰੇਣੀ ਦੇ ਸੇਵਾ ਕੇਂਦਰਾਂ ਦੀ ਕੁਲ ਗਿਣਤੀ 2140 ਹੈ, ਜਿਨ੍ਹਾਂ ਵਿਚ ਸੀ ਸ਼੍ਰੇਣੀ ਦੇ 1755 ਕੇਂਦਰ ਦਿਹਾਤੀ ਖੇਤਰ ਵਿਚ, ਬੀ ਸ਼੍ਰੇਣੀ ਦੇ 360 ਸ਼ਹਿਰੀ ਖੇਤਰ ਦੇ ਕੇਂਦਰ ਅਤੇ ਵੱਡੇ ਸ਼ਹਿਰਾਂ ਦੇ 22 ਕੇਂਦਰ ਹਨ। ਇਨ੍ਹਾਂ ਵਿਚੋਂ ਸੀ ਸ਼੍ਰੇਣੀ ਦੇ ਪ੍ਰਤੀ ਸੇਵਾ ਕੇਂਦਰ ਤੇ 14 ਤੋਂ 20 ਕਰੋੜ ਰੁਪਏ ਖ਼ਰਚ ਆਏ ਸਨ।