
ਚੰਡੀਗੜ੍ਹ, 22 ਅਕਤੂਬਰ (ਤਰੁਣ ਭਜਨੀ): ਸੈਕਟਰ-7 ਮੱਧਿਆ ਮਾਰਗ ਤੋਂ ਰਾਮਦਰਬਾਰ-ਹੱਲੋਮਾਜਰਾ ਮੈਦਾਨ ਵਿਚ ਤਬਦੀਲ ਕੀਤੇ ਗਏ ਕਾਰ ਬਾਜ਼ਾਰ ਵਿਚ ਉਚਿਤ ਮੁੱਢਲੀਆਂ ਸਹੂਲਤਾਂ ਉਪਲਬਧ ਨਾ ਕਰਵਾਏ ਜਾਣ ਦੇ ਵਿਰੋਧ ਵਿਚ ਚੰਡੀਗੜ੍ਹ ਕਾਰ ਡੀਲਰਜ਼ ਐਸੋਸੀਏਸ਼ਨ ਵਲੋਂ ਐਤਵਾਰ ਨੂੰ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਰ ਡੀਲਰਾਂ ਨੇ ਪ੍ਰਸ਼ਾਸਨ ਅਤੇ ਨਗਰ ਨਿਗਮ ਵਿਰੁਧ ਜੰਮ ਕਰ ਨਾਹਰੇਬਾਜ਼ੀ ਵੀ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਦਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਕਾਰ ਬਾਜ਼ਾਰ ਨੂੰ ਸੈਕਟਰ 7 ਦੀ ਮਾਰਕੀਟ ਤੋਂ ਇਥੇ ਸ਼ਿਫਟ ਤਾਂ ਕਰ ਦਿਤਾ ਪਰ ਇਥੇ ਕਾਰ ਬਾਜ਼ਾਰ ਲਗਾਉਣ ਲਈ ਕੋਈ ਵੀ ਮੁੱਢਲੀ ਸਹੂਲਤ ਉਪਲਬਧ ਨਹੀਂ ਕਰਵਾਈ ਗਈ। ਮੈਦਾਨ ਵਿਚ ਇੰਨੀ ਗੰਦਗੀ ਅਤੇ ਬਦਬੂ ਹੈ ਕਿ ਇਥੇ ਬੈਠਣਾ ਤਾਂ ਦੂਰ ਦੀ ਗੱਲ ਕੁੱਝ ਮਿੰਟ ਖੜੇ ਹੋ ਪਾਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਥੇ ਪੀਣ ਦੇ ਪਾਣੀ ਅਤੇ ਪਖ਼ਾਨੇ ਆਦਿ ਦਾ ਵੀ ਪ੍ਰਬੰਧ ਨਹੀਂ ਹੈ। ਕਾਰ ਬਾਜ਼ਾਰ ਵੀ ਸ਼ਹਿਰ ਦੇ ਬਾਹਰ ਸ਼ਿਫਟ ਕੀਤੇ ਜਾਣ ਨਾਲ ਗਾਹਕਾਂ ਦੀ ਆਮਦ ਵਿਚ ਕਾਫ਼ੀ ਹੱਦ ਤਕ ਕਮੀ ਆ ਗਈ ਹੈ। ਕਾਰ ਡੀਲਰਾਂ ਨੂੰ ਅਪਣਾ ਬਿਜ਼ਨਸ ਚਲਾ ਪਾਉਣਾ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਅਤੇ ਨਿਗਮ ਨੇ ਕਾਰ ਬਾਜ਼ਾਰ ਨੂੰ ਇਥੇ ਸ਼ਿਫਟ ਹੀ ਕਰਨਾ ਸੀ ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਨੂੰ ਇਥੇ ਸਹੂਲਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ ਕਾਰ ਬਾਜ਼ਾਰ ਵਿਚ ਕਾਰ ਡਿਸਪਲੇ ਲਈ ਹਰ ਕਾਰ ਡੀਲਰ ਨੂੰ 20 ਫ਼ੀਟ ਜਗ੍ਹਾ ਦਿਤੀ ਜਾ ਰਹੀ ਹੈ ਅਤੇ ਸਿਰਫ਼ 10 ਹੀ ਕਾਰਾਂ ਪਾਰਕ ਕਰਨ ਲਈ ਇਜਾਜ਼ਤ ਦਿਤੀ ਗਈ ਹੈ। ਇਸ ਦੇ ਇਵਜ ਵਿਚ ਨਿਗਮ ਦੁਆਰਾ ਹਰ ਕਾਰ ਡੀਲਰ ਤੋਂ ਲਗਭਗ 7100 ਰੁਪਏ ਵਸੂਲੇ ਜਾਂਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕਿਸੇ ਕਾਰ ਪਾਰਕਿੰਗ ਵਿਚ ਵੀ ਇੰਨਾ ਚਾਰਜ ਨਹੀਂ ਵਸੂਲਿਆ ਜਾਂਦਾ। 7100 ਰੁਪਏ ਤੋਂ ਇਲਾਵਾ ਕਾਰ ਡੀਲਰ ਨੂੰ ਹੋਰ ਖ਼ਰਚੇ ਪਾ ਕੇ 10 ਹਜ਼ਾਰ ਰੁਪਏ ਪੈਂਦਾ ਹੈ। ਉਨ੍ਹਾਂਨੇ ਨਿਗਮ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂਨੂੰ ਕਾਰ ਬਾਜ਼ਾਰ ਲਗਾਉਣ ਲਈ ਇਕ ਉਚਿਤ ਅਤੇ ਬਿਹਤਰ ਜਗ੍ਹਾ ਉਪਲਬਧ ਕਰਾਈ ਜਾਵੇ।