
ਕਰਨਾਲ: ਅੰਮ੍ਰਿਤਸਰ ਤੋਂ ਦਿੱਲੀ ਵੱਲ ਜਾ ਰਹੀ ਕਾਰ ਦੀ ਟਰੱਕ ਨਾਲ ਜਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਚਾਰ ਕਾਰ ਸਵਾਰ ਜਿਉਂਦੇ ਸੜ ਗਏ। ਦੋਵੇਂ ਵਾਹਨ ਬੁਰੀ ਸੜ ਕੇ ਸੁਆਹ ਹੋ ਗਏ। ਇਹ ਹਾਦਸਾ ਕਰਨਾਲ ਦੇ ਗਯਾ ਸ਼ਾਮਗੜ੍ਹ ਪਿੰਡ ਕੋਲ ਜੀਟੀ ਰੋੜ ਉੱਪਰ ਵਾਪਰਿਆ। ਇਹ ਪਰਿਵਾਰ ਅੰਮ੍ਰਿਤਸਰ ‘ਚ ਹੋਲੀ ਮਨਾ ਕੇ ਦਿੱਲੀ ਪਰਤ ਰਿਹਾ ਸੀ।
ਪੁਲਿਸ ਮੁਤਾਬਕ ਅੰਮ੍ਰਿਤਸਰ ਤੋਂ ਦਿੱਲੀ ਵੱਲ ਜਾ ਰਹੀ ਕਾਰ ਦਾ ਤਵਾਜ਼ਨ ਵਿਗੜ ਗਿਆ ਤੇ ਸੜਕ ਦੇ ਦੂਜੇ ਪਾਸੇ ਦਿੱਲੀ ਤੋਂ ਚੰਡੀਗੜ੍ਹ ਜਾ ਰਹੇ ਟਰੱਕ ਨਾਲ ਟਕਰਾਅ ਗਈ। ਇਸ ਟੱਕਰ ਦੌਰਾਨ ਕਾਰ ਨੂੰ ਅੱਗ ਲੱਗ ਗਈ। ਟਰੱਕ ਵੀ ਸੜ ਕੇ ਸੁਆਹ ਹੋ ਗਿਆ।
ਮ੍ਰਿਤਕਾਂ ਦੀ ਪਛਾਣ ਹਰੀਨਗਰ ਦੇ ਸੰਚਿਤ ਚੋਪੜਾ, ਉਸ ਦੀ ਪਤਨੀ ਭਾਵਨਾ ਚੋਪੜਾ, 58 ਸਾਲਾ ਔਰਤ ਨਿਸ਼ਾ ਭੋਲਾ ਤੇ ਸੱਤ ਸਾਲ ਦੀ ਬੱਚੀ ਤੁਸ਼ਾਰਿਕਾ ਚੋਪੜਾ ਵਜੋਂ ਹੋਈ ਹੈ। ਅੱਗ ਦਾ ਕਾਰਨ ਪੈਟਰੋਲ ਟੈਂਕ ਫਟਣਾ ਮੰਨਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੈ।