
ਨਵੀਂ ਦਿੱਲੀ: ਬਾਜ਼ਾਰ 'ਚ ਕਸ਼ਮੀਰੀ ਸੇਬ 'ਰੈੱਡ ਡਿਲੀਸ਼ੀਅਸ' ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ। ਇਸ ਸਾਲ ਗਾਹਕਾਂ ਨੂੰ ਇਹ ਸੇਬ 15-20 ਫੀਸਦੀ ਸਸਤਾ ਮਿਲੇਗਾ। ਇਸ ਦੀ ਵਜ੍ਹਾ ਕਸ਼ਮੀਰ 'ਚ ਇਨ੍ਹਾਂ ਸੇਬਾਂ ਦਾ ਚੰਗਾ ਉਤਪਾਦਨ ਹੈ, ਜਿਸ ਨਾਲ ਬਾਜ਼ਾਰ 'ਚ ਸਪਲਾਈ ਕਾਫੀ ਵਧੀ ਹੈ। ਪਿਛਲੇ ਸਾਲ ਇਸ ਸੇਬ ਦੀ ਕੀਮਤ 850-900 ਰੁਪਏ ਪੇਟੀ ਸੀ ਪਰ ਇਸ ਸਾਲ ਕੀਮਤ 700-750 ਰੁਪਏ ਪੇਟੀ ਹੈ। ਇਸ ਦਾ ਫਾਇਦਾ ਗਾਹਕਾਂ ਨੂੰ ਮਿਲੇਗਾ। ਹਾਲਾਂਕਿ ਸੇਬ ਦੀ ਕੀਮਤ ਘੱਟ ਰਹਿਣ ਨਾਲ ਕਸ਼ਮੀਰ ਦੇ ਉਤਪਾਦਕਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਕਾਰੋਬਾਰ ਨਾਲ ਜੁੜੇ ਇਕ ਵਪਾਰੀ ਮੁਤਾਬਕ ਇਸ ਸਾਲ ਕਸ਼ਮੀਰ 'ਚ ਸੇਬ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ 30 ਫੀਸਦੀ ਜ਼ਿਆਦਾ ਹੋਈ ਹੈ। ਇਹ ਸੇਬ ਖਾਣ ਵਾਲਿਆਂ ਲਈ ਚੰਗੀ ਖਬਰ ਹੈ ਪਰ ਇਸ ਦੇ ਮਾਲਕਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਕੁੱਝ ਇਲਾਕਿਆਂ 'ਚ ਔਲੇ ਪੈਣ ਨਾਲ ਮਾਲ ਖਰਾਬ ਹੋਇਆ ਹੈ ਪਰ ਬਾਕੀ ਇਲਾਕਿਆਂ 'ਚ ਪੈਦਾਵਾਰ ਚੰਗੀ ਰਹੀ, ਜਿਸ ਕਾਰਨ ਬਾਜ਼ਾਰ 'ਚ ਸੇਬ ਦੀ ਸਪਲਾਈ ਬਹੁਤ ਜ਼ਿਆਦਾ ਹੈ।
ਬਾਜ਼ਾਰ 'ਚ ਰੈੱਡ ਡਿਲੀਸ਼ੀਅਸ ਅਕਤੂਬਰ-ਨਵੰਬਰ 'ਚ ਆਉਣਾ ਸ਼ੁਰੂ ਹੁੰਦਾ ਹੈ। ਇਸ ਤੋਂ ਪਹਿਲਾਂ ਬਾਜ਼ਾਰ 'ਚ ਕਸ਼ਮੀਰ ਤੋਂ ਜੋ ਸੇਬ ਆਉਂਦਾ ਉਨ੍ਹਾਂ 'ਚ ਸ਼ਿਰੀਨ, ਹਜਰਤ ਬਲੀ, ਅਮਰੀ ਸ਼ਿਰੀਨ ਆਦਿ ਸ਼ਾਮਿਲ ਹਨ ਪਰ ਕਸ਼ਮੀਰ ਦਾ ਸਭ ਤੋਂ ਵਧੀਆ ਸੇਬ ਰੈੱਡ ਡਿਲੀਸ਼ੀਅਸ ਹੀ ਮੰਨਿਆ ਜਾਂਦਾ ਹੈ। ਕਸ਼ਮੀਰ 'ਚ ਇਸ ਕਿਸਮ ਦੇ ਸੇਬ ਦਾ ਉਤਪਾਦਨ ਵੱਡੇ ਪੱਧਰ 'ਤੇ ਹੁੰਦਾ ਹੈ। ਪੂਰੇ ਕਸ਼ਮੀਰ 'ਚ 20 ਲੱਖ ਤੋਂ ਵੱਧ ਲੋਕ ਸੇਬ ਦੇ ਉਤਪਾਦਨ ਨਾਲ ਜੁੜੇ ਹਨ। ਕਸ਼ਮੀਰ ਤੋਂ ਸੇਬ ਜੰਮੂ ਮੰਡੀ 'ਚ ਆਉਂਦਾ ਹੈ ਅਤੇ ਇੱਥੋਂ ਇਸ ਦੀ ਵਿਕਰੀ ਹੁੰਦੀ ਹੈ ਪਰ ਨਾਲ ਹੀ ਕਸ਼ਮੀਰ 'ਚ ਵੀ ਕੁੱਝ ਮੰਡੀਆਂ ਜਿਵੇਂ ਕਿ ਸ਼੍ਰੀਨਗਰ ਮੰਡੀ 'ਚ ਸੇਬ ਦੀ ਵਿਕਰੀ ਕੀਤੀ ਜਾਂਦੀ ਹੈ।