
ਜਦ ਸੁਨੀਲ ਜਾਖੜ ਨੇ ਕਿਹਾ ਕਿ ਉਹ ਕਿਸੇ ਵੀ ਜਥੇਦਾਰ ਦੇ ਮੁਕਾਬਲੇ ਵਿਚ ਬਿਹਤਰ ਸਿੱਖ ਸਾਬਤ ਹੋਣਗੇ ਤਾਂ ਕੀ ਉਹ ਗ਼ਲਤ ਸਨ? ਕੀ ਸਿੱਖ ਇਹ ਮੰਨਣ ਨੂੰ ਤਿਆਰ ਹਨ ਕਿ ਸਿੱਖ ਧਰਮ ਦੀ ਵਾਗਡੋਰ ਸੰਭਾਲਣ ਵਾਲੇ ਪੰਥਕ ਜਾਂ ਸਿਆਸੀ ਆਗੂਆਂ ਦੇ ਮਨਾਂ ਅੰਦਰ ਸਿੱਖਾਂ ਅਤੇ ਸਿੱਖੀ ਨੂੰ ਬਚਾਉਣ ਦੀ ਕੋਈ ਤੜਪ ਵੀ ਹੈ? ਸੁਨੀਲ ਜਾਖੜ ਨੇ ਸਿੱਖ ਹਿਤਾਂ ਦੇ ਮੁੱਦੇ ਸਬੰਧੀ ਸਿੱਖ ਫ਼ਲਸਫ਼ੇ ਦੇ ਮੁਢਲੇ ਸਿਧਾਂਤਾਂ ਨੂੰ ਕਸੌਟੀ ਉਤੇ ਅਪਣੇ ਕਿਰਦਾਰ ਨੂੰ ਪਰਖਣ ਮਗਰੋਂ ਖ਼ੁਦ ਨੂੰ ਸਿੱਖ ਫ਼ਲਸਫ਼ੇ ਦਾ ਪੈਰੋਕਾਰ ਆਖਿਆ ਹੈ।
ਅੱਜ ਜੇ ਇਨ੍ਹਾਂ ਮਾਪਦੰਡਾਂ ਦੀ ਕਸੌਟੀ ਉਤੇ ਹੀ ਸਿੱਖ ਧਾਰਮਕ ਅਤੇ ਸਿਆਸੀ ਆਗੂਆਂ ਦੀ ਜਾਂਚ ਕੀਤੀ ਜਾਵੇ ਤਾਂ ਇਹ ਉਨ੍ਹਾਂ ਸਾਹਮਣੇ ਵੀ ਹਾਰ ਜਾਣਗੇ ਜਿਨ੍ਹਾਂ ਨੂੰ ਇਹ 'ਸਿੱਖ' ਹੀ ਨਹੀਂ ਮੰਨਦੇ। ਸਿਆਸੀ ਆਗੂਆਂ ਦੀ ਗੱਲ ਕਰੀਏ ਤਾਂ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਦੀ ਜਾਂਚ ਸਾਹਮਣੇ ਆਏ ਬਿਨਾਂ ਹੀ ਸੱਭ ਨੂੰ ਪਤਾ ਹੈ ਕਿ ਇਕ 'ਪੰਥਕ' ਪਾਰਟੀ ਦੇ ਸੱਤਾ 'ਚ ਹੋਣ ਦੇ ਬਾਵਜੂਦ ਨਿਹੱਥੇ, ਸ਼ਾਂਤੀਪੂਰਵਕ ਬੈਠੀ ਸਿੱਖ ਸੰਗਤ ਉਤੇ ਗੋਲੀ ਚਲਾਉਣ ਦੇ ਹੁਕਮ ਦਿਤੇ ਗਏ ਸਨ। ਜਦ ਇਕ 'ਪੰਥ ਰਤਨ' ਗਰਦਾਨੇ ਗਏ ਮੁੱਖ ਮੰਤਰੀ ਦੇ ਹੁੰਦਿਆਂ ਵੀ ਸਿੱਖਾਂ ਉਤੇ ਪੰਜਾਬ ਪੁਲਿਸ ਜਲਿਆਂ ਵਾਲੇ ਬਾਗ਼ ਦੇ ਜਨਰਲ ਡਾਇਰ ਵਾਂਗ ਗੋਲੀਆਂ ਚਲਾਵੇ ਤਾਂ ਇਨ੍ਹਾਂ 'ਪੰਥ ਰਤਨਾਂ' ਬਾਰੇ ਕੀ ਕਿਹਾ ਜਾਵੇ?
ਅੱਜ ਕਾਂਗਰਸ ਸਰਕਾਰ ਦੇ ਆਉਣ ਤੋਂ ਬਾਅਦ ਸੱਚ ਸਾਹਮਣੇ ਆਵੇਗਾ ਤਾਂ ਸਾਫ਼ ਹੋ ਜਾਵੇਗਾ ਕਿ ਸਿੱਖਾਂ ਨੂੰ '84 ਵਿਚ ਫ਼ਰਜ਼ੀ ਮੁਕਾਬਲਿਆਂ ਵਿਚ ਮਾਰਨ ਵਾਲੇ ਪੁਲਸੀਏ, ਅਕਾਲੀ ਦਲ ਨੂੰ ਸਿੱਖਾਂ ਦੀਆਂ ਜਾਨਾਂ ਤੋਂ ਜ਼ਿਆਦਾ ਪਿਆਰੇ ਕਿਉਂ ਸਨ? ਆਨੰਦ ਕਾਰਜ ਐਕਟ ਨੂੰ ਲਾਗੂ ਕਰਵਾਉਣ ਵਾਸਤੇ ਕਦੇ ਬੀ.ਜੇ.ਪੀ. ਆਗੂ ਅਤੇ ਹੁਣ ਬੀ.ਜੇ.ਪੀ. ਦੇ ਟਿਕਟ ਤੇ ਜਿੱਤਣ ਵਾਲੇ ਵਿਧਾਇਕ ਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੂੰ ਅੱਗੇ ਕਰ ਕੇ ਪ੍ਰਚਾਰਿਆ ਜਾ ਰਿਹਾ ਹੈ ਕਿ ਆਨੰਦ ਕਾਰਜ ਐਕਟ ਕਈ ਰਾਜਾਂ ਵਿਚ ਲਾਗੂ ਹੋ ਗਿਆ ਹੈ।
ਪਰ ਐਕਟ ਨੂੰ ਪੜ੍ਹ ਕੇ ਤਾਂ ਵੇਖੋ ਕਿ ਇਸ ਵਿਚ ਲਿਖਿਆ ਕੀ ਹੈ? ਸੱਚ ਇਹ ਹੈ ਕਿ ਇਹ ਐਕਟ ਸਿੱਖ ਵਿਆਹ ਨੂੰ ਸਿਰਫ਼ ਰਜਿਸਟਰ ਕਰਵਾਉਣ ਦਾ ਅਧਿਕਾਰ ਹੀ ਦੇਂਦਾ ਹੈ ਪਰ ਇਹ ਐਕਟ ਵੀ ਹਿੰਦੂ ਐਕਟ ਦੇ ਵਿਚ ਰਹਿ ਕੇ ਹੀ ਕੰਮ ਕਰਨ ਲਈ ਕਹਿੰਦਾ ਹੈ ਅਰਥਾਤ ਇਸ ਅਨੰਦ ਮੈਰਿਜ ਐਕਟ ਦੀ ਕੋਈ ਗੱਲ ਉਦੋਂ ਹੀ ਪ੍ਰਵਾਨ ਹੋਵੇਗੀ ਜਦ ਤਕ ਉਸ ਨੂੰ ਹਿੰਦੂ ਮੈਰਿਜ ਐਕਟ ਪ੍ਰਵਾਨਗੀ ਮਿਲਦੀ ਹੋਈ।
ਇਹੀ ਸ਼ਰਾਰਤ ਤਾਂ ਸੰਵਿਧਾਨ ਦੇ ਆਰਟੀਕਲ 35 ਵਿਚ ਕੀਤੀ ਗਈ ਸੀ ਜਿਸ ਨੂੰ ਠੀਕ ਕਰਨ ਲਈ ਸਿੱਖ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ। ਹੁਣ ਉਹੀ ਸ਼ਰਾਰਤ ਅਨੰਦ ਮੈਰਿਜ ਐਕਟ ਵਿਚ ਵੀ ਕਰ ਦਿਤੀ ਗਈ ਹੈ ਤੇ ਸਾਡੇ 'ਅਕਾਲੀ' ਭੰਗੜੇ ਪਾ ਰਹੇ ਹਨ। ਜੇ ਸਿੱਖ ਫ਼ਲਸਫ਼ੇ ਮੁਤਾਬਕ ਸਿੱਖ ਮੈਰਿਜ ਐਕਟ ਲਾਗੂ ਹੁੰਦਾ ਤਾਂ ਉਹ ਸਿੱਖੀ ਦੀ ਬਰਾਬਰੀ ਦੀ ਸੋਚ ਨੂੰ ਅੱਗੇ ਰੱਖ ਕੇ ਕਾਨੂੰਨ ਬਣਾਉਂਦੇ। ਮਨਜਿੰਦਰ ਸਿੰਘ ਸਿਰਸਾ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹੁੰਦੇ ਹੋਏ ਵੀ ਇਸ ਫ਼ਰਕ ਨੂੰ ਨਹੀਂ ਸਮਝਦੇ, ਜੋ ਕਿ ਡਾਢੇ ਅਫ਼ਸੋਸ ਦੀ ਗੱਲ ਹੈ।
ਹਿੰਦੂ ਧਰਮ ਵਿਚ ਕੋਈ ਖ਼ਾਮੀ ਨਹੀਂ ਪਰ ਗੁਰੂ ਨਾਨਕ ਦੇ ਫ਼ਲਸਫ਼ੇ ਉਤੇ ਸਥਾਪਤ ਸਿੱਖੀ, ਹਿੰਦੂ ਧਰਮ ਤੋਂ ਅਲੱਗ ਹੈ। ਫਿਰ ਕਿਉਂ ਅਕਾਲੀ ਦਲ ਦੇ ਆਗੂ ਗੁਰੂ ਨਾਨਕ ਦੀ ਸੋਚ ਨੂੰ ਨਕਾਰਨ ਵਾਲਿਆਂ ਦੇ ਪ੍ਰਚਾਰਕ ਬਣੇ ਹੋਏ ਹਨ? ਨਾਨਕਸ਼ਾਹੀ ਕੈਲੰਡਰ ਨੂੰ ਸੂਰਜ ਦੀ ਚਾਲ ਮੁਤਾਬਕ ਲਾਗੂ ਕਰਨ ਵਿਚ ਐਸ.ਜੀ.ਪੀ.ਸੀ. ਢਿੱਲ ਕਿਉਂ ਕਰ ਰਹੀ ਹੈ? ਉਹ ਕਿਉਂ ਚਾਹੁੰਦੇ ਹਨ ਕਿ ਇਸ ਆਧੁਨਿਕ ਧਰਮ ਨੂੰ ਪੁਰਾਣੀ ਸੋਚ ਮੁਤਾਬਕ ਚੰਨ ਦੀ ਚਾਲ ਨਾਲ ਚਲਾਇਆ ਜਾਵੇ, ਖ਼ਾਸ ਕਰ ਕੇ ਜਦੋਂ ਗੁਰੂ ਨਾਨਕ ਪਹਿਲੇ ਮਹਾਂਪੁਰਸ਼ ਸਨ ਜਿਨ੍ਹਾਂ ਨੇ ਦਸਿਆ ਸੀ ਕਿ ਧਰਤੀ ਸੂਰਜ ਦੇ ਆਲੇ-ਦੁਆਲੇ ਘੁੰਮਦੀ ਹੈ?
ਜਿਥੇ ਐਸ.ਜੀ.ਪੀ.ਸੀ. ਨੂੰ ਇਸ ਗੱਲ ਉਤੇ ਮਾਣ ਹੋਣਾ ਚਾਹੀਦਾ ਹੈ, ਸਿਆਸੀ ਕਾਰਨਾਂ ਕਰ ਕੇ, ਉਹ ਇਸ ਮਾਣ ਕਰਨਯੋਗ ਗੱਲ ਨੂੰ ਭੁਲਾ ਦੇਣਾ ਚਾਹੁੰਦੀ ਹੈ। ਦੂਜਾ ਕਾਰਨ ਇਹ ਹੈ ਕਿ ਇਸ ਨਾਲ ਪੂਰਨਮਾਸ਼ੀ ਵਰਗੇ ਦਿਹਾੜੇ ਮਨਾਏ ਜਾਂਦੇ ਹਨ ਜਿਸ ਨਾਲ ਡੇਰਾਵਾਦ ਦਾ ਧੰਦਾ ਚਲਦਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਸਿਆਸੀ ਮਾਲਕਾਂ ਨੂੰ ਡੇਰੇਦਾਰਾਂ ਦੀ ਸਹਾਇਤਾ ਦੀ ਜ਼ਿਆਦਾ ਲੋੜ ਹੈ। ਗੁਰਦਾਸ ਸਿੰਘ ਕਦੇ ਬਲਾਤਕਾਰੀ ਸੌਦਾ ਸਾਧ ਦੇ ਕਰੀਬੀ ਸਾਥੀ ਸਨ। ਉਨ੍ਹਾਂ ਨੇ ਜਦ ਬਾਬੇ ਦੀ ਲੋਕਾਂ ਨੂੰ ਭਟਕਾਉਣ ਦੀ ਯੋਜਨਾ ਦਾ ਪ੍ਰਗਟਾਵਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇ ਐਸ.ਜੀ.ਪੀ.ਸੀ. ਅਪਣਾ ਕੰਮ ਠੀਕ ਢੰਗ ਨਾਲ ਕਰਦੀ ਹੁੰਦੀ ਤਾਂ ਇਸ ਵਰਗੇ ਬਾਬੇ ਕਦੇ ਵੀ ਅਪਣਾ ਧੰਦਾ ਨਾ ਫੈਲਾ ਸਕਦੇ।
ਇਨ੍ਹਾਂ ਪੰਥ ਦੇ ਠੇਕੇਦਾਰਾਂ ਨੇ ਸੌਦਾ ਸਾਧ ਵਰਗਿਆਂ ਦੀ ਮਦਦ ਕੀਤੀ ਹੈ ਤਾਕਿ ਇਹ ਪੈਸਾ ਬਣਾਉਂਦੇ ਰਹਿਣ। ਅੱਜ ਡੇਰੇ ਵਿਚ ਗ਼ਰੀਬ ਦੁਖੀ ਹੋ ਕੇ ਆਸਰਾ ਲੱਭਣ ਅਤੇ ਮਦਦ ਲੈਣ ਵਾਸਤੇ ਜਾਂਦਾ ਹੈ ਅਤੇ ਐਸ.ਜੀ.ਪੀ.ਸੀ. ਕੋਲ ਏਨਾ ਪੈਸਾ ਹੈ ਕਿ ਜੇ ਉਹ ਚਾਹੇ ਤਾਂ ਇਕ ਵੀ ਕਿਸਾਨ ਨੂੰ ਖ਼ੁਦਕੁਸ਼ੀ ਨਾ ਕਰਨੀ ਪਵੇ। ਹਰ ਨੌਜੁਆਨ ਨੂੰ ਵਧੀਆ ਪੜ੍ਹਾਈ ਦੇ ਸਾਧਨ ਮਿਲਣ। ਪਰ ਐਸ.ਜੀ.ਪੀ.ਸੀ. ਡੇਰਾਵਾਦ ਨੂੰ ਉਤਸ਼ਾਹਤ ਕਰਨ ਲਈ ਗੁਰਦਵਾਰਿਆਂ ਵਿਚ ਕਾਰ ਸੇਵਾਵਾਂ ਦੀ ਬੋਲੀ ਲਾਉਂਦੀ ਹੈ ਤੇ ਸਿੱਖ ਫ਼ਲਸਫ਼ੇ ਨਾਲ ਡਾਢੀ ਨਾਇਨਸਾਫ਼ੀ ਕਰ ਰਹੀ ਹੈ।
ਗ਼ਰੀਬਾਂ ਦੀ ਮਦਦ ਕਰਨ ਵਾਲੀ ਖ਼ਾਲਸਾ ਏਡ ਦੁਨੀਆਂ ਵਿਚ ਮਦਦ ਕਰਨ ਵਾਲੀ ਸੰਸਥਾ ਬਣ ਰਹੀ ਹੈ ਅਤੇ ਪੰਜਾਬ ਵਿਚ ਐਸ.ਜੀ.ਪੀ.ਸੀ. ਕੀ ਕਰ ਰਹੀ ਹੈ? ਸਿੱਖ ਫ਼ਲਸਫ਼ਾ ਸਿਰਫ਼ ਪਹਿਰਾਵੇ ਅਤੇ ਦਿੱਖ ਤਕ ਸੀਮਤ ਨਹੀਂ ਹੈ। ਇਸ ਵਿਚ ਬਹੁਤ ਵੱਡਾ ਗਿਆਨ ਦਾ ਸਾਗਰ ਹੈ ਜਿਸ ਤੋਂ ਸਿੱਖ ਸਿਆਸੀ ਅਤੇ ਧਾਰਮਕ ਆਗੂ ਕੋਹਾਂ ਦੂਰ ਹਨ ਅਤੇ ਜਦੋਂ ਤਕ ਸਿੱਖ ਖ਼ੁਦ ਬਾਬੇ ਨਾਨਕ ਦੇ ਸੰਦੇਸ਼ ਨਾਲ ਨਹੀਂ ਜੁੜਨਗੇ, ਉਦੋਂ ਤਕ ਇਹ ਲੋਕ ਸਿੱਖ ਧਰਮ ਨੂੰ ਅਪਣੇ ਮੁਨਾਫ਼ੇ ਵਾਸਤੇ ਹੀ ਵਰਤਦੇ ਰਹਿਣਗੇ। ਨਿਮਰਤ ਕੌਰ