ਕਿਸਾਨਾ ਨੂੰ ਮੁਫ਼ਤ ਬਿਜਲੀ ਰਹੇਗੀ ਜਾਰੀ : ਮੁੱਖ ਮੰਤਰੀ ਕੈਪਟਨ
Published : Mar 15, 2018, 11:49 am IST
Updated : Mar 15, 2018, 6:19 am IST
SHARE ARTICLE

ਨਕੋਦਰ (ਪਰਦੀਪ ਬਸਰਾ,ਸੁਦੇਸ਼) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਕੀਤੇ ਜਾ ਰਹੇ ਕੋਝੇ ਯਤਨਾਂ ਲਈ ਅਕਾਲੀਆਂ 'ਤੇ ਵਰ੍ਹਦਿਆਂ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਕਾਂਗਰਸ ਪਾਰਟੀ ਵਲੋਂ ਅਪਣੇ ਚੋਣ ਮਨੋਰਥ ਪੱਤਰ ਵਿਚ ਕਰਜ਼ਾ ਮੁਆਫ਼ੀ ਦੇ ਕੀਤੇ ਵਾਅਦੇ ਨੂੰ ਪੂਰੀ ਤਰਾਂ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਖੇਤੀਬਾੜੀ ਲਈ ਮੁਫ਼ਤ ਬਿਜਲੀ ਨੂੰ ਵਾਪਸ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।



ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਭਰਵੇਂ ਸਮਾਗਮ ਵਿਚ ਸੂਬੇ ਦੇ 10.25 ਲੱਖ ਛੋਟੇ ਤੇ ਦਰਮਿਆਨੇ ਦਰਜੇ ਦੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦੇ ਦੂਜੇ ਪੜਾਅ ਤਹਿਤ ਅੱਜ ਨਕੋਦਰ ਦੀ ਦਾਣਾ ਮੰਡੀ ਵਿਖੇ 29,192 ਕਿਸਾਨਾਂ ਨੂੰ 162.16 ਕਰੋੜ ਰੁਪਏ ਦੇ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟਾਂ ਦੀ ਵੰਡ ਕੀਤੀ। ਸਮਾਗਮ ਵਿਚ ਜਲੰਧਰ, ਕਪੂਰਥਲਾ, ਲੁਧਿਆਣਾ, ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਕਿਸਾਨ ਮੌਜੂਦ ਸਨ।

ਕਿਸਾਨਾਂ ਨੂੰ ਸਰਟੀਫ਼ਿਕੇਟ ਵੰਡਣ ਨੂੰ ਕਾਂਗਰਸ ਪਾਰਟੀ ਵਲੋਂ ਕਿਸਾਨਾਂ ਨਾਲ ਕੀਤੇ ਚੋਣ ਵਾਅਦੇ ਨੂੰ ਪੂਰਾ ਕਰਨ ਦੇ ਯਤਨਾਂ ਦਾ ਹਿਸਾ ਦਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਤਾ ਕਿ ਕਰਜ਼ਾ ਮੁਆਫ਼ੀ ਵਿਚ ਥੋੜ੍ਹੀ ਬਹੁਤ ਦੇਰੀ ਫ਼ੰਡਾਂ ਦੀ ਘਾਟ ਕਰ ਕੇ ਨਹੀਂ ਹੋ ਰਹੀ ਸਗੋਂ ਯੋਗ ਕਿਸਾਨਾਂ ਦੀ ਸ਼ਨਾਖ਼ਤ ਅਤੇ ਤਸਦੀਕ ਦੀ ਪ੍ਰਕ੍ਰਿਆ ਕਰ ਕੇ ਹੋ ਰਹੀ ਹੈ। 



ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਮੁੱਖ ਮੰਤਰੀ ਨੇ ਦਸਿਆ ਕਿ ਉਨਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਥੇ-ਜਿਥੇ ਵੀ ਸੂਬੇ ਦਾ ਦੌਰਾ ਕੀਤਾ ਸੀ, ਉਥੇ ਕਿਸਾਨ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਬਾਰੇ ਸੁਣਨ ਮਗਰੋਂ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ।

ਮੁੱਖ ਮੰਤਰੀ ਨੇ ਦਸਿਆ ਕਿ ਜਦੋਂ ਤੋਂ ਕਾਂਗਰਸ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ, ਉਸ ਸਮੇਂ ਤੋਂ ਲੈ ਕੇ ਖ਼ੁਦਕੁਸ਼ੀਆਂ ਘਟੀਆਂ ਹਨ ਅਤੇ ਸੂਬੇ ਦੀ ਸਥਿਤੀ ਵਿਚ ਵੱਡਾ ਸੁਧਾਰ ਹੋਇਆ ਹੈ ਜਿਸ ਦੇ ਤੱਥ ਸਰਕਾਰ ਵਲੋਂ ਵਿਧਾਨ ਸਭਾ ਦੇ ਅਗਾਮੀ ਇਜਲਾਸ ਵਿਚ ਪੇਸ਼ ਕੀਤੇ ਜਾਣਗੇ। 



ਟਿਊਬਵੈੱਲਾਂ 'ਤੇ ਮੀਟਰ ਲਾਉਣ ਦੇ ਮੁੱਦੇ 'ਤੇ ਅਕਾਲੀਆਂ ਵਲੋਂ ਉਨਾਂ ਦੀ ਸਰਕਾਰ ਵਿਰੁਧ ਕੀਤੇ ਜਾ ਰਹੇ ਕੂੜ ਪ੍ਰਚਾਰ ਅਤੇ ਝੂਠ ਬੋਲਣ 'ਤੇ ਕਰੜੀ ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਦੀ ਮੁਫ਼ਤ ਬਿਜਲੀ ਵਾਪਸ ਲੈਣ ਦੇ ਕਿਸੇ ਵੀ ਪ੍ਰਸਤਾਵ ਨੂੰ ਰੱਦ ਕਰ ਦਿਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਸੂਬੇ ਦੇ 13.5 ਲੱਖ ਟਿਊਬਵੈੱਲਾਂ ਵਿਚੋਂ ਸਿਰਫ਼ 900 ਟਿਊਬਵੈੱਲਾਂ 'ਤੇ ਮੀਟਰ ਲਾਏ ਜਾਣੇ ਹਨ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਉਦੇਸ਼ ਨਾਲ ਖੋਜ ਪ੍ਰਾਜੈਕਟ ਦੇ ਹਿਸੇ ਤਹਿਤ ਕੀਤਾ ਜਾਣਾ ਹੈ।

ਉਨ੍ਹਾਂ ਕਿਸਾਨਾਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਇਨ੍ਹਾਂ ਮੀਟਰਾਂ ਦੇ ਬਦਲੇ ਵਿਚ ਕਿਸਾਨਾਂ ਨੂੰ ਨਿਜੀ ਵਰਤੋਂ ਲਈ ਨਕਦੀ ਬਚਾਉਣ ਦੇ ਰੂਪ ਵਿਚ ਰਿਆਇਤ ਵੀ ਦਿਤੀ ਜਾਵੇਗੀ। ਮੁੱਖ ਮੰਤਰੀ ਨੇ ਮਿਸਾਲ ਦਿੰਦਿਆਂ ਆਖਿਆ ਕਿ ਜੇਕਰ ਇਕ ਕਿਸਾਨ ਨੂੰ ਟਿਊਬਵੈੱਲ ਦੀ ਬਿਜਲੀ ਖਪਤ ਲਈ 10 ਹਜ਼ਾਰ ਰੁਪਏ ਦਿਤੇ ਜਾਂਦੇ ਹਨ ਅਤੇ ਬਿਜਲੀ 'ਤੇ ਖ਼ਰਚਾ ਸਿਰਫ਼ 7000 ਰੁਪਏ ਹੁੰਦਾ ਹੈ ਤਾਂ ਬਾਕੀ ਬਚਦਾ 3000 ਰੁਪਏ ਉਸ ਕਿਸਾਨਾਂ ਦੀ ਜੇਬ ਵਿਚ ਚਲਾ ਜਾਵੇਗਾ ਅਤੇ ਇਸ ਦੇ ਨਾਲ ਹੀ ਉਹ ਕਿਸਾਨ ਸੂਬੇ ਵਿਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਵੀ ਅਪਣਾ ਯੋਗਦਾਨ ਪਾਵੇਗਾ।



ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮੁੱਦੇ 'ਤੇ ਅਕਾਲੀਆਂ ਵਲੋਂ ਕਾਂਗਰਸ ਵਿਰੁਧ ਝੂਠੇ ਦੋਸ਼ ਲਾ ਕੇ ਲੋਕਾਂ ਦੇ ਮਨਾਂ ਵਿਚ ਗ਼ਲਤ-ਫ਼ਹਿਮੀ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਰਾਂ ਤੋਂ ਪੈਸੇ ਦੀ ਵਸੂਲੀ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। 

ਉਨ੍ਹਾਂ ਨੇ ਸੁਚੇਤ ਕਰਦਿਆਂ ਆਖਿਆ ਕਿ ਜੇਕਰ ਫ਼ੌਰੀ ਤੌਰ 'ਤੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਕੋਈ ਹੀਲਾ-ਵਸੀਲਾ ਨਾ ਕੀਤਾ ਗਿਆ ਤਾਂ ਪੰਜਾਬ ਨੂੰ ਮਾਰੂਥਲ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਨੇ ਪਟਿਆਲਾ ਦੀ ਮਿਸਾਲ ਵੀ ਦਿਤੀ ਜਿਥੇ ਸਿਰਫ਼ ਇਕ ਸਾਲ ਵਿਚ ਪਾਣੀ ਦਾ ਪੱਧਰ 70 ਫ਼ੁੱਟ ਤੋਂ ਡਿੱਗ ਕੇ 700 ਫ਼ੁੱਟ ਤਕ ਚਲਾ ਗਿਆ ਹੈ।



ਮੁੱਖ ਮੰਤਰੀ ਨੇ ਹਰਸਿਮਰਤ ਕੌਰ ਬਾਦਲ, ਜੋ ਕੇਂਦਰੀ ਵਜ਼ਾਰਤ ਵਿਚ ਹਨ, ਉਤੇ ਕੇਂਦਰ ਵਿਚ ਪੰਜਾਬ ਤੇ ਕਿਸਾਨਾਂ ਦੇ ਹਿਤਾਂ ਦੀ ਰੱਖਿਆ ਵਿਚ ਪੂਰੀ ਤਰ੍ਹਾਂ ਨਾਕਾਮ ਰਹਿਣ ਦਾ ਦੋਸ਼ ਲਾਇਆ। ਐਨਡੀਏ ਸਰਕਾਰ 'ਤੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ 'ਚ ਨਾਕਾਮ ਰਹਿਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਬੀ ਬਾਦਲ ਨੇ ਉਦੋਂ ਵੀ ਆਵਾਜ਼ ਨਹੀਂ ਉਠਾਈ ਜਦੋਂ ਆਮ ਬਜਟ ਵਿਚ ਕੇਂਦਰ ਸਰਕਾਰ ਨੇ ਕਿਸਾਨ ਭਾਈਚਾਰੇ ਲਈ ਕੋਈ ਕਦਮ ਨਹੀਂ ਚੁਕਿਆ।  

ਮੁੱਖ ਮੰਤਰੀ ਨੇ ਅਕਾਲੀਆਂ ਅਤੇ ਭਾਜਪਾ ਨੂੰ ਚਿਤਾਵਨੀ ਦਿਤੀ ਕਿ ਕਾਂਗਰਸ ਸਰਕਾਰ ਹੁਣ ਉਨ੍ਹਾਂ ਨੂੰ ਪੰਜਾਬ ਨੂੰ ਹੋਰ ਬਰਬਾਦ ਨਹੀਂ ਕਰਨ ਦੇਵੇਗੀ। ਕਰਜ਼ਾ ਮੁਆਫ਼ੀ ਪ੍ਰਕਿਰਿਆ ਜਾਰੀ ਰਹਿਣ ਬਾਰੇ ਸਪੱਸ਼ਟ ਕਰਦਿਆਂ ਉਨ੍ਹਾਂ ਦਸਿਆ ਕਿ ਤੀਜੇ ਗੇੜ ਵਿੱਚ 50 ਹਜ਼ਾਰ ਕਿਸਾਨਾਂ ਨੂੰ ਮਾਝੇ ਵਿਚ ਕਰਜ਼ਾ ਮੁਆਫ਼ੀ ਦੇ ਸਰਟੀਫ਼ਿਕੇਟ ਦਿਤੇ ਜਾਣਗੇ। 



ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਿਸਾਨ ਪੱਖੀ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਤੁਲਨਾ ਸਰ ਛੋਟੂ ਰਾਮ ਨਾਲ ਤੁਲਨਾ ਕੀਤੀ, ਜਿਨ੍ਹਾਂ ਨੇ ਕਿਸਾਨਾਂ ਦੀ ਭਲਾਈ ਲਈ ਕਾਫੀ ਕੰਮ ਕੀਤਾ।

ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਕਾਲੀਆਂ 'ਤੇ ਅਪਣਾ ਸਾਮਰਾਜ ਖੜਾ ਕਰਨ ਲਈ ਪੰਜਾਬ ਨੂੰ ਲੁੱਟਣ ਅਤੇ ਸੂਬੇ ਦੀ ਖੇਤੀਬਾੜੀ ਅਤੇ ਸਨਅਤ ਨੂੰ ਤਬਾਹ ਕਰਨ ਲਈ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਲੋਕ ਭਲਾਈ ਲਈ ਕੁੱਝ ਨਹੀਂ ਕੀਤਾ ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਵਾ ਅਤੇ ਬੁਢਾਪਾ ਪੈਨਸ਼ਨਾਂ ਸਮੇਤ ਪਹਿਲਾਂ ਹੀ ਕਈ ਭਲਾਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। 



ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅਕਾਲੀਆਂ ਨੂੰ ਚੁਣੌਤੀ ਦਿਤੀ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਕੋਈ ਪੈਕੇਜ ਨਾ ਦੇਣ ਕਾਰਨ ਉਹ ਤੇਲਗੂ ਦੇਸਮ ਪਾਰਟੀ ਵਾਂਗ ਭਾਜਪਾ ਨਾਲ ਤੋੜ-ਵਿਛੋੜਾ ਕਰੇ।

SHARE ARTICLE
Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement