
ਲੁਧਿਆਣਾ : ਸ਼ੁਕਰਵਾਰ ਸ਼ਾਮ ਨੂੰ ਮੁੱਲਾਂਪੁਰ ਦੇ ਨਜ਼ਦੀਕ ਕਾਰ ਨਹਿਰ ‘ਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਿੰਨ੍ਹਾਂ ਵਿਚ ਦੋ ਸਕੇ ਭਰਾ ਅਤੇ ਇਕ ਚਚੇਰਾ ਭਰਾ ਸ਼ਾਮਲ ਹੈ। ਮ੍ਰਿਤਕਾ ਦੀ ਪਛਾਣ ਕਮਲਜੀਤ ਸਿੰਘ (ਕਮਲ), ਦਵਿੰਦਰ ਸਿੰਘ ਉਰਫ ਰਿੱਕੀ (ਦੋਵੇਂ ਭਰਾ) ਪੁੱਤਰ ਬਲਵਿੰਦਰ ਸਿੰਘ ਅਤੇ ਅਕਾਸ਼ਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਚੱਕ ਕਲਾਂ ਵਜੋਂ ਹੋਈ ਹੈ।
ਕਾਰ ਦਾ ਡਰਾਈਵਰ ਗੱਡੀ ਤੋਂ ਕਾਬੂ ਗੁਆ ਬੈਠਾ ਸੀ ਅਤੇ ਕਾਰ ਪਿੰਡ ਚੱਕ ਨੇੜੇ ਸਿੱਧਵਾਂ ਨਹਿਰ ਵਿਚ ਜਾ ਡਿੱਗੀ। ਸਾਰੇ ਪਿੰਡ ਚੱਕ ਦੇ ਵਸਨੀਕ ਸਨ। ਤਿੰਨੇ ਨੌਜਵਾਨ ਸਵਿਫਟ ਕਾਰ ਨੰਬਰ ਪੀ.ਬੀ.47 ਡੀ 7475 ਵਿਚ ਭੂਆ ਦੇ ਲੜਕੇ ਦੀ ਬਰਾਤ ਗਏ ਸਨ ਅਤੇ ਘਰ ਪਰਤਕੇ ਫਿਰ ਆਪਣੀ ਭੂਆ ਦੇ ਪਿੰਡ ਸਵੱਦੀ ਕਲਾਂ ਜਾ ਰਹੇ ਸਨ ਅਤੇ ਜਦੋਂ ਇਹ ਨਹਿਰ ਨੇੜੇ ਪੁੱਜੇ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਗਈ।
ਮਰਨ ਵਾਲੇ ਕਮਲਜੀਤ ਦਾ ਵਿਆਹ ਤਿੰਨ ਮਹੀਨੇ ਪਹਿਲਾ ਹੋਇਆ ਸੀ ਅਤੇ ਉਸ ਦੀ ਪਤਨੀ ਕੈਨੇਡਾ ਵਿਚ ਸੀ। ਮ੍ਰਿਤਕ ਕਮਲਜੀਤ ਸਿੰਘ ਅਤੇ ਦਵਿੰਦਰ ਸਿੰਘ ਦਾ ਪਿਤਾ ਬਲਵਿੰਦਰ ਸਿੰਘ ਪੰਜਾਬ ਪੁਲਸ ਵਿਚ ਏ.ਐਸ.ਆਈ ਹੈ ਤੇ ਜਗਰਾਉਂ ਤਾਇਨਾਤ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ ਦਾਖਾ ਜਸਵਿੰਦਰ ਸਿੰਘ ਬਰਾੜ ਅਤੇ ਥਾਣਾ ਮੁਖੀ ਵਿਕਰਮਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।
ਘਟਨਾ ਸਥਾਨ ਤੋਂ ਗੁਜ਼ਰ ਰਹੇ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੱਕ ਕਲਾਂ ਨੇ ਕਾਰ ਨਹਿਰ ਵਿਚ ਡਿੱਗੀ ਦੇਖੀ ਤੇ ਜਾਣਕਾਰੀ ਪਿੰਡ ਵਾਸੀਆਂ ਨੂੰ ਦਿਤੀ ਅਤੇ ਖ਼ੁਦ ਰਾਹਗੀਰਾਂ ਦੀ ਮਦਦ ਨਾਲ ਕਾਰ ਵਿਚੋਂ ਨੌਜਵਾਨਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜੀਆਂ ਗਈਆ।