
ਔਰਤਾਂ ਦੇ ਨਾਲ-ਨਾਲ ਹੁਣ ਆਦਮੀ ਵੀ ਆਪਣੀ ਲੁੱਕ ਦਾ ਖਾਸ ਖਿਆਲ ਰੱਖਣ ਲੱਗੇ ਹਨ। ਸੋਹਣਾ ਦਿਸਣ ਲਈ ਮਰਦਾਂ 'ਚ ਦਾੜ੍ਹੀ-ਮੁੱਛਾਂ ਰੱਖਣ ਦਾ ਰੁਝਾਨ ਪਿਛਲੇ 2 ਸਾਲਾਂ 'ਚ ਤੇਜ਼ੀ ਨਾਲ ਵਧਿਆ ਹੈ। ਇਸ ਦੀ ਬਦੌਲਤ ਸਿਰਫ ਬੀਅਰਡ ਕੇਅਰ ਪ੍ਰੋਡਕਟਸ ਬਣਾਉਣ ਦਾ ਕਾਰੋਬਾਰ 100 ਕਰੋੜ ਰੁਪਏ ਦੇ ਕਰੀਬ ਪਹੁੰਚ ਚੁੱਕਾ ਹੈ। ਫਿਲਮੀ ਸਿਤਾਰਿਆਂ, ਕ੍ਰਿਕਟਰਾਂ ਤੋਂ ਸ਼ੁਰੂ ਹੋਇਆ ਰੁਝਾਨ ਹੁਣ ਛੋਟੇ ਸ਼ਹਿਰਾਂ ਤੱਕ ਪਹੁੰਚ ਗਿਆ ਹੈ।
ਨੌਜਵਾਨਾਂ ਨੂੰ ਦਾੜ੍ਹੀ-ਮੁੱਛਾਂ ਵੱਲ ਆਕਰਸ਼ਿਤ ਕਰਨ ਲਈ ਹੁਣ ਗਾਣੇ ਵੀ ਬਣਨ ਲੱਗੇ ਹਨ। ਕਈ ਅਜਿਹੇ ਕਲੱਬ ਵੀ ਚੱਲ ਰਹੇ ਹਨ ਜੋ ਦਾੜ੍ਹੀ-ਮੁੱਛਾਂ ਵਾਲਿਆਂ ਨੂੰ ਤਰਜੀਹ ਦਿੰਦੇ ਹਨ। ਦਾੜ੍ਹੀ-ਮੁੱਛਾਂ ਲਈ ਉਤਪਾਦ ਬਣਾਉਣ ਵਾਲੀ ਇਕ ਕੰਪਨੀ ਅਨੁਸਾਰ ਬਾਜ਼ਾਰ ਅਜੇ ਆਪਣੇ ਸਿਖਰ 'ਤੇ ਨਹੀਂ ਪੁੱਜਾ ਹੈ, ਸਗੋਂ ਇਹ ਤਾਂ ਸਿਰਫ ਸ਼ੁਰੂਆਤ ਹੈ। ਕਾਰੋਬਾਰ ਨਾਲ ਸਬੰਧਤ ਇਕ ਸੂਤਰ ਮੁਤਾਬਕ ਆਉਣ ਵਾਲੇ ਹੋਰ 5 ਸਾਲ ਅਜਿਹਾ ਹੀ ਕ੍ਰੇਜ਼ ਬਣਿਆ ਰਹਿਣ ਵਾਲਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜਿਵੇਂ 90 ਦੇ ਦੌਰ 'ਚ ਕਲੀਨ ਸ਼ੇਵ ਰਹਿਣਾ ਸਟਾਈਲ ਸਟੇਟਮੈਂਟ ਮੰਨਿਆ ਜਾਂਦਾ ਸੀ, ਉਵੇਂ ਹੀ ਹੁਣ ਦਾੜ੍ਹੀ-ਮੁੱਛਾਂ ਨੂੰ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਫ਼ੈਸ਼ਨ ਸਟੇਟਮੈਂਟ ਹੀ ਨਹੀਂ ਸਗੋਂ ਲਾਈਫ ਸਟਾਈਲ ਦਾ ਹਿੱਸਾ ਬਣ ਚੁੱਕਾ ਹੈ। ਸਿਰਫ 2-3 ਸਾਲ 'ਚ 100 ਕਰੋੜ ਦੀ ਮਾਰਕੀਟ ਤਿਆਰ ਹੋ ਜਾਣਾ ਇਹ ਦੱਸਦਾ ਹੈ ਕਿ ਆਦਮੀ ਖੁਦ 'ਤੇ ਖਾਸਾ ਧਿਆਨ ਦੇ ਰਹੇ ਹਨ।
ਆਉਣ ਵਾਲੇ ਸਮੇਂ 'ਚ 5000 ਕਰੋੜ ਰੁਪਏ ਦੀ ਹੋ ਸਕਦੀ ਹੈ ਮਾਰਕਿਟ
ਸੂਤਰਾਂ ਨੇ ਦੱਸਿਆ ਕਿ ਆਦਮੀਆਂ 'ਚ ਚੱਲ ਰਹੇ ਇਸ ਰੁਝਾਨ ਦੇ ਹਿਸਾਬ ਨਾਲ ਕੰਪਨੀਆਂ ਵੀ ਆਪਣੇ ਉਤਪਾਦ ਬਣਾਉਣ ਲੱਗੀਆਂ ਹਨ। ਉਨ੍ਹਾਂ ਮੁਤਾਬਕ ਇਹ ਮਾਰਕਿਟ ਆਉਣ ਵਾਲੇ ਸਮੇਂ 'ਚ 5000 ਕਰੋੜ ਰੁਪਏ ਦੀ ਹੋ ਸਕਦੀ ਹੈ। ਇਸ ਵੇਲੇ ਕਈ ਨਵੀਆਂ ਕੰਪਨੀਆਂ ਵੀ ਇਸ ਮਾਰਕੀਟ 'ਚ ਉਤਰ ਚੁੱਕੀਆਂ ਹਨ।
ਉਥੇ ਹੀ ਕਈ ਅਜਿਹੀਆਂ ਕੰਪਨੀਆਂ ਵੀ ਇਸ 'ਚ ਆਪਣਾ ਹੱਥ ਅਜ਼ਮਾ ਰਹੀਆਂ ਹਨ ਜੋ ਪਹਿਲਾਂ ਸਿਰਫ ਔਰਤਾਂ 'ਤੇ ਕੇਂਦਰਿਤ ਸਨ। ਅਜਿਹੀ ਹੀ ਇਕ ਕੰਪਨੀ ਹੈ ਇਮਾਮੀ, ਜਿਸ ਦੇ ਡਾਇਰੈਕਟਰ ਵੀ. ਅਗਰਵਾਲ ਨੇ ਕਿਹਾ ਕਿ ਹੁਣ ਆਦਮੀ ਆਪਣੀ ਲੁਕਸ ਦਾ ਖਾਸਾ ਧਿਆਨ ਰੱਖਦੇ ਹਨ। ਉਨ੍ਹਾਂ ਮੁਤਾਬਕ, ਹੁਣ ਆਦਮੀ ਯੂਨੀਸੈਕਸ ਜਾਂ ਔਰਤਾਂ ਦੇ ਪ੍ਰੋਡਕਟਸ ਨਹੀਂ ਵਰਤਦੇ ਹਨ।