
ਜਲੰਧਰ/ਭੋਗਪੁਰ/ਕਰਤਾਰਪੁਰ, 10 ਨਵੰਬਰ (ਸਤਨਾਮ ਸਿੰਘ ਸਿੱਧੂ, ਕੁਲਵੀਰ ਸਿੰਘ ਕਾਹਲੋਂ, ਸੰਜੀਵ ਕੁਮਾਰ) : ਅੱਜ ਦੁਪਹਿਰ ਕਰੀਬ 3 ਵਜੇ ਭੋਗਪੁਰ ਆਦਮਪੁਰ ਰੋਡ 'ਤੇ ਪਿੰਡ ਮਾਣਕਰਾਏ ਨੇੜੇ ਪੈਂਦੇ ਭੱਠੇ ਕੋਲੋਂ 7 ਹਥਿਆਰਬੰਦ ਨਕਾਬਪੋਸ਼ ਲੁਟੇਰੇ ਨਾਲ ਲੈਸ ਨੋਜਵਾਨਾਂ ਨੇ ਐਚ.ਡੀ.ਐਫ.ਸੀ. ਬੈਕ ਦੀ ਕੈਸ਼ ਵੈਨ ਵਿਚੋਂ 1 ਕਰੋੜ 14 ਲੱਖ 50 ਹਜ਼ਾਰ ਲੁੱਟ ਕੇ ਫਰਾਰ ਹੋ ਗਏ, ਦਿਨ-ਦਿਹਾੜੇ ਵਾਪਰੀ ਇਸ ਘਟਨਾ ਨਾਲ ਇਲਾਕੇ ਅਤੇ ਆਸ-ਪਾਸ ਦੇ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੰਜਾਬ ਪੁਲਿਸ ਦੇ ਡੀ.ਆਈ.ਜੀ ਜਸਕਰਨ ਸਿੰਘ, ਐਸ.ਪੀ. ਡੀ ਬਲਕਾਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਕੈਸ਼ ਵੈਨ ਜੋ ਕੇ ਜਲੰਧਰ ਤੋਂ ਕੈਸ਼ ਪਾਉਂਦੀ ਹੋਈ ਐਚ.ਡੀ.ਐਫ.ਸੀ ਦੀ ਬਰਾਂਚ ਡੀਗਰੀਆਂ ਵਿਖੇ ਕੈਸ਼ ਪਾਉਣ ਲਈ ਜਾ ਰਹੀ ਸੀ, ਜਿਸ ਨੂੰ ਰਸਤੇ ਵਿਚ ਭੱਠੇ ਲਾਗੇ ਇਕ ਇੰਡੀਕਾ ਕਾਰ ਅਤੇ ਮੋਟਰਸਾਈਕਲ 'ਤੇ ਆਏ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਲੁੱਟ ਕੇ ਫਰਾਰ ਹੋ ਗਏ।
ਕੈਸ਼ ਵੈਨ ਵਿਚ 5 ਮੁਲਾਜ਼ਮ ਸਵਾਰ ਸਨ। ਜਿਨ੍ਹਾਂ ਵਿਚ ਇਕ ਗੰਨਮੈਨ ਸੁਰਿੰਦਰਜੀਤ ਸਿੰਘ, ਡਰਾਇਵਰ ਚਰਨਜੀਤ ਸਿੰਘ, ਕੈਸ਼ ਗਾਰਡੀਅਨ ਗੁਰਪ੍ਰੀਤ ਸਿੰਘ, ਚੈਕਿੰਗ ਰਾਜੀਵ ਅਤੇ ਰਵਿੰਦਰ ਪਾਲ ਸਿੰਘ ਮੌਜੂਦ ਸਨ, ਜੋ ਕੁੱਝ ਵੀ ਨਾ ਕਰ ਸਕੇ।ਡੀ.ਆਈ.ਜੀ. ਜਸਕਰਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇੰਡੀਗੋ ਗੱਡੀ ਅਤੇ ਗੱਡੀ ਚਾਲਕ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਲੱਖਣਕੇ ਖੋਲੇ ਜ਼ਿਲ੍ਹਾ ਕਪੂਰਥਲਾ ਨੂੰ ਕਰਤਾਰਪੁਰ ਖੇਤਰ ਵਿੱਚ ਪੁਲਿਸ ਪਾਰਟੀ ਵਲੋਂ ਮੁੱਠਭੇੜ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਦੀ ਭਾਲ ਲਈ ਜ਼ਿਲ੍ਹੇ ਵਿਚ ਹਾਈ ਅਲਰਟ ਕਰ ਦਿਤਾ ਗਿਆ ਹੈ।