
ਕਹਿੰਦੇ ਨੇ ਮਾਪੇ ਧੀਆਂ ਜੰਮਣ ਤੋਂ ਨਹੀਂ ਡਰਦੇ, ਬਲਕਿ ਡਰਦੇ ਉਹਨਾਂ ਦੀ ਕਿਸਮਤ ਤੋਂ ਹਨ। ਮਾਪਿਆਂ ਦੇ ਘਰ ਲਾਡਾਂ ਨਾਲ ਪਲੀਆਂ ਧੀਆਂ ਦੀ ਕਿਸਮਤ ਦਾ ਸਹੁਰੇ ਘਰ ਜਾ ਕੇ ਚੰਗੇ-ਮਾੜੇ ਨਿਕਲਣ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ। ਇਸੇ ਤਰ੍ਹਾਂ ਕਿਸਮਤ ਦੀ ਮਾਰੀ ਇੱਕ ਧੀ ਨੇ ਆਪਣੇ ਪੇਕੇ ਘਰ ਮੁੜਨ ਦੀ ਬਜਾਏ ਮੌਤ ਦਾ ਰਾਸਤਾ ਅਪਣਾਉਣਾ ਜ਼ਿਆਦਾ ਬੇਹਤਰ ਸਮਝਿਆ। ਨਵਾਂਸ਼ਹਿਰ ਦੇ ਬਲਾਚੌਰ 'ਚ ਰਹਿਣ ਵਾਲੀ ਸੁੱਖੀ ਨੇ ਹਸਪਤਾਲ 'ਚ ਤੜਫਦੇ ਹੋਏ ਆਪਣੇ ਨਾਲ ਹੁੰਦਾ ਜ਼ੁਲਮ ਬਿਆਨ ਕੀਤਾ।
ਸੁੱਖੀ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਆਪਣੀ ਕੁੱਖੋਂ ਜਨਮ ਦਿੱਤੇ ਬੱਚਿਆਂ ਨੂੰ ਆਪਣੀ ਹੱਥੀਂ ਜ਼ਹਿਰ ਦੇ ਕੇ ਮੌਤ ਦੇਵੇਗੀ। ਦਰਅਸਲ ਸੁੱਖੀ ਨੂੰ ਉਸਦੇ ਪਤੀ ਤੇ ਸਹੁਰੇ ਪਰਿਵਾਰ ਵਲੋਂ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ। ਜਿਸਦੇ ਚਲਦੇ ਸੁੱਖੀ ਦੇ ਪਤੀ ਵਲੋਂ ਉਸਨੂੰ ਤੇ ਉਸਦੇ ਬੱਚਿਆਂ ਨੂੰ ਘਰੋਂ ਬਾਹਰ ਕੱਢ ਕੇ ਘਰ ਦਾ ਕੁੰਡਾ ਲਗਾ ਲਿਆ ਗਿਆ।
ਜਿਸ ਕਾਰਨ ਸੁੱਖੀ ਨੇ ਪਹਿਲਾਂ ਆਪਣੇ 2 ਮਾਸੂਮਾਂ ਨੂੰ ਜ਼ਹਿਰ ਦਿੱਤਾ ਫੇਰ ਖ਼ੁਦ ਨਿਗਲਿਆ। 2 ਬੱਚਿਆਂ ਦੀ ਮੌਤ ਹੋ ਗਈ ਜਦਕਿ ਸੁੱਖੀ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਸੁੱਖੀ ਨੂੰ ਪੀਜੀਆਈ ਰੈਫਰ ਕਰ ਦਿੱਤਾ। ਜਿਥੇ ਪਹੁੰਚ ਕੇ ਸੁੱਖੀ ਨੇ ਵੀ ਦਮ ਤੋੜ ਦਿੱਤਾ। ਓਧਰ ਐਸ.ਐਚ.ਓ ਹਰਜਿੰਦਰ ਸਿੰਘ ਨੇ ਸੁੱਖੀ ਦੇ ਮਾਪਿਆਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ਼ ਕਰਕੇ ਕਰਵਾਈ ਕਰਨ ਦਾ ਭਰੋਸਾ ਦਿੱਤਾ ਹੈ।