
ਚੰਡੀਗੜ੍ਹ, 6 ਫ਼ਰਵਰੀ (ਨੀਲ ਭਲਿੰਦਰ ਸਿੰਘ) : ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਭਤੀਜੇ ਅਤੇ ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਪਰਵਾਰਕ ਅਤੇ ਸਿਆਸੀ ਸ਼ਰੀਕ ਸਾਬਕਾ ਉਪ ਮੁਖ ਮੰਤਰੀ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੰਮੇ ਹੱਥੀਂ ਲਿਆ ਹੈ। 'ਸਪੋਕਸਮੈਨ ਵੈਬ ਟੀਵੀ' ਉਤੇ ਐਕਸਕਲੂਸੀਵ ਇੰਟਰਵਿਊ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ, ''ਇਨ੍ਹਾਂ ਨੂੰ ਰੰਜ ਹੈ ਕਿ ਅਕਾਲੀ ਦਲ 'ਚੋਂ ਕਢਿਆ ਬੂਟਾ ਕਦੇ ਹਰਾ ਨਹੀਂ ਹੋਇਆ ਤਾਂ ਮਨਪ੍ਰੀਤ ਨੂੰ ਉਨ੍ਹਾਂ ਜਿਸ ਵਿੱਤ ਮੰਤਰੀ ਦੇ ਅਹੁਦੇ ਤੋਂ ਕਢਿਆ ਸੀ, ਮਨਪ੍ਰੀਤ ਮੁੜ ਵਿੱਤ ਮੰਤਰੀ ਹੀ ਕਿਵੇਂ ਬਣ ਗਿਆ, ਮਨਪ੍ਰੀਤ ਨੂੰ ਜਿਸ ਕੋਠੀ 'ਚੋਂ ਕਢਿਆ ਤਾਂ ਮਨਪ੍ਰੀਤ ਉਸੇ ਕੋਠੀ 'ਚ ਮੁੜ ਕਿਵੇਂ ਆ ਗਿਆ?
ਇਹ ਪੁਛੇ ਜਾਣ ਉਤੇ ਕਿ ਅਕਾਲੀ ਦਲ ਖ਼ਾਸ ਕਰ ਕੇ ਸੁਖਬੀਰ ਨੇ ਕੇਂਦਰੀ ਬਜਟ ਨੂੰ ਪੰਜਾਬ ਲਈ ਲਾਹੇਵੰਦਾ ਕਰਾਰ ਦਿਤਾ ਹੈ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ, 'ਮੈਂ ਪਿਛਲੇ ਪੰਜਾਹ ਸਾਲਾਂ ਤੋਂ ਬਾਦਲ ਸਾਹਬ ਨਾਲ ਰਿਹਾ ਹਾਂ, ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸੁਖਬੀਰ ਨੇ ਨਾ ਤਾਂ ਪਹਿਲਾਂ ਕਦੇ ਬਜਟ ਪੜ੍ਹਿਆ-ਸੁਣਿਆ ਸੀ ਤੇ ਨਾ ਹੀ ਇਸ ਵਾਰ ਪੜ੍ਹਿਆ ਜਾਂ ਸੁਣਿਆ ਹੈ...ਚਲੋ ਸ਼ੁਕਰ ਹੈ ਸੁਖਬੀਰ ਨੇ ਬਜਟ ਨੂੰ ਭਾਵੇਂ ਚੰਗਾ ਹੀ ਦਸਿਆ ਹੈ. ਇਹ ਸ਼ਾਇਦ ਪਹਿਲੀ ਵਾਰ ਹੈ ਕਿ ਇਕ ਟੀਵੀ ਇੰਟਰਵਿਊ ਦੌਰਾਨ ਮਨਪ੍ਰੀਤ ਸਿੰਘ ਬਾਦਲ ਅਪਣੇ 'ਬਾਦਲ ਟੱਬਰ' ਦੀ ਅੰਦਰੂਨੀ ਲਾਗ-ਡਾਟ ਬਾਰੇ ਇੰਨੀ ਬੇਬਾਕੀ ਨਾਲ ਬੋਲੇ ਹਨ। ਉਨ੍ਹਾਂ ਅਪਣੇ ਸ਼ਰੀਕੇ ਪਰਵਾਰ ਵਲੋਂ ਹੁੰਦੀ ਉਨ੍ਹਾਂ ਦੀ ਨੁਕਤਾਚੀਨੀ ਨੂੰ ਸਿਆਸੀ ਘਟ ਬਲਕਿ ਜਾਤੀ ਸ਼ਰੀਕੇਬਾਜ਼ੀ ਵੱਧ ਕਰਾਰ ਦਿਤਾ।
ਮਨਪ੍ਰੀਤ ਨੇ ਕਿਹਾ, 'ਹਰਸਿਮਰਤ ਕੋਲੋਂ ਬਠਿੰਡਾ ਲੋਕ ਸਭਾ ਚੋਣ ਵੇਲੇ ਹੋਈ ਮੇਰੀ ਨੈਤਿਕ ਜਿੱਤ ਬਰਦਾਸ਼ਤ ਨਹੀਂ ਹੋ ਰਹੀ, ਉਦੋਂ ਸਰਕਾਰ ਇਨ੍ਹਾਂ ਦੀ ਸੀ, ਪਟਵਾਰੀ ਤੋਂ ਲੈ ਕੇ ਚੀਫ਼ ਸੈਕਟਰੀ ਤਕ, ਸਿਪਾਹੀ ਤੋਂ ਲੈ ਕੇ ਡੀਜੀਪੀ ਤਕ ਸਮੁੱਚੀ ਸਰਕਾਰੀ ਮਸ਼ੀਨਰੀ ਇਨ੍ਹਾਂ ਦੀ ਸੀ, ਫਿਰ ਵੀ ਹਰਸਿਮਰਤ ਦੀ ਜਿੱਤ ਮੇਰੇ ਨਾਲੋਂ ਮਹਿਜ਼ 19 ਹਜ਼ਾਰ ਵੋਟਾਂ 'ਤੇ ਸੀਮਤ ਹੋ ਕੇ ਰਹਿ ਗਈ।' ਮਨਪ੍ਰੀਤ ਸਿੰਘ ਬਾਦਲ ਨੇ ਅਪਣੀ ਗੱਲ ਜਾਰੀ ਰਖਦੇ ਹੋਏ ਕਿਹਾ ਕਿ ਪੰਜਾਬ ਬਾਰੇ ਸਹੀ ਫ਼ੈਸਲੇ ਉਹ ਹੀ ਲੈ ਸਕਦਾ ਜਿਸ ਦੇ ਢਿੱਡ ਵਿਚ ਪੰਜਾਬ ਦਾ ਦਰਦ ਹੋਵੇ ਤੇ ਨੀਅਤ ਸਾਫ਼ ਹੋਵੇ। ਇਹ ਕਿਸ ਕੋਲ ਇਹ ਇਹ ਗੱਲ ਕੋਈ ਇਨਸਾਨ ਨਹੀਂ ਬਲਕਿ ਰੱਬ ਵੇਖਦਾ ਹੈ।