
ਮਸ਼ਹੂਰ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਜੀ ਦਾ ਹਾਲ ਹੀ 'ਚ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਉਹ ਕਾਫੀ ਸਮੇਂ ਤੋਂ ਬੀਮਾਰ ਸਨ। ਅੱਜ ਉਨ੍ਹਾਂ ਨੇ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਿਆ। ਮਸ਼ਹੂਰ ਸੂਫ਼ੀ ਗਾਇਕ ਵਡਾਲੀ ਭਰਾਵਾਂ ਦੀ ਮਸ਼ਹੂਰ ਜੋੜੀ ਹੁਣ ਸਾਨੂੰ ਇਕੱਠਿਆਂ ਗਾਉਂਦੀ ਨਜ਼ਰ ਨਹੀਂ ਆਵੇਗੀ। ਕਿਉਂਕਿ ਇਸ ਜੋੜੀ ਵਿਚੋਂ ਇੱਕ ਮਸ਼ਹੂਰ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਦਾ ਦਿਹਾਂਤ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਦੇਰ ਰਾਤ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਪਰ ਅੱਜ ਸਵੇਰੇ ਇੱਥੇ ਉਹ ਜ਼ਿੰਦਗੀ ਦੀ ਜੰਗ ਹਾਰ ਗਏ, ਉਹ 73 ਸਾਲਾਂ ਦੇ ਸਨ। 25 ਜਨਵਰੀ ਨੂੰ ਉਨ੍ਹਾਂ ਦਾ ਜਨਮਦਿਨ ਲੰਘ ਕੇ ਗਿਆ ਹੈ। ਦੱਸ ਦੇਈਏ ਕਿ ਕਿ ਉਸਤਾਦ ਪਿਆਰੇ ਲਾਲ ਵਡਾਲੀ ਨੇ ਆਪਣੀ ਸੂਫੀ ਗਾਇਕੀ ਨਾਲ ਦੇਸ਼ਾਂ-ਵਿਦੇਸ਼ਾਂ ਵਿਚ ਕਾਫੀ ਪ੍ਰਸਿੱਧੀ ਹਾਸਲ ਕੀਤੀ।
ਦੇਸ਼ ਦੇ ਵੱਕਾਰੀ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਪੂਰਨ ਚੰਦ ਅਤੇ ਪਿਆਰੇ ਲਾਲ ਵਡਾਲੀ ਭਰਾਵਾਂ ਦੀ ਜੋੜੀ ਪੰਜਾਬ ਹੀ ਨਹੀਂ ਬਲਕਿ ਵਿਸ਼ਵ ਭਰ ਵਿਚ ਪ੍ਰਸਿੱਧ ਸੀ। ਇਨ੍ਹਾਂ ਦਾ ਸੰਬੰਧ ਸੂਫ਼ੀ ਗਾਇਕੀ ਨੂੰ ਸਮਰਪਿਤ ਖਾਨਦਾਨ ਦੀ ਪੰਜਵੀਂ ਪੀੜ੍ਹੀ ਨਾਲ ਹੈ। ਇਹ ਪਿਆਰੇ ਲਾਲ ਵਡਾਲੀ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਦੇ ਭਤੀਜੇ ਤੇ ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਅੱਜ ਗਾਇਕੀ ਦੀਆਂ ਉੱਚ ਬੁਲੰਦੀਆਂ ਛੂਹ ਰਹੇ ਹਨ।
ਕਿਉਂਕਿ ਲਖਵਿੰਦਰ ਵਡਾਲੀ ਦੇ ਪਿਤਾ ਯਾਨੀ ਪਿਆਰੇ ਲਾਲ ਦੇ ਵੱਡੇ ਭਰਾ ਪੂਰਨ ਚੰਦ ਵਡਾਲੀ ਤਾਂ ਗਾਇਕੀ ਵਿਚ ਆਉਣ ਤੋਂ ਪਹਿਲਾਂ ਪਹਿਲਵਾਨੀ ਕਰਦੇ ਸਨ। ਪਿਆਰੇ ਲਾਲ ਵਡਾਲੀ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਗੁਰੂ ਕੀ ਵਡਾਲੀ ਵਿਖੇ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ।
ਉਨ੍ਹਾਂ ਦੀ ਮੌਤ ਨਾਲ ਸਮੁੱਚੇ ਪੰਜਾਬੀਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਪਿਆਰੇ ਲਾਲ ਵਡਾਲੀ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ ਪਰ ਆਪਣੇ ਸੂਫ਼ੀ ਗੀਤਾਂ ਵਿਚ ਉਹ ਹਮੇਸ਼ਾਂ ਜਿੰਦਾ ਰਹਿਣਗੇ।