
ਰਾਜਪੁਰਾ, 20 ਫ਼ਰਵਰੀ (ਕੁਲਵੰਤ ਸਿੰਘ ਬੱਬੂ) : ਸ਼ੰਭੂ ਦੇ ਨੇੜੇ ਪਿੰਡ ਸੰਧਾਰਸੀ ਵਿਖੇ ਬਣੀ ਇਕ ਮਟਰ ਪ੍ਰੋਸੈਸਿੰਗ (ਹਿਮਾਲਿਆ ਫ਼੍ਰੈਸ਼ ਪ੍ਰੋਸੈਸਿੰਗ) ਫ਼ੈਕਟਰੀ ਵਿਚ ਅੱਗ ਲੱਗਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ।ਜਾਣਕਾਰੀ ਅਨੁਸਾਰ ਸੰਭੂ ਘਨੋਰ ਰੋਡ 'ਤੇ ਬਣੀ ਇਕ ਮਟਰਾਂ ਦੀ ਫ਼ੈਕਟਰੀ ਵਿਚ ਅਮੋਨੀਆ ਗੈਸ ਦਾ ਸਲੈਂਡਰ ਫਟ ਜਾਣ ਕਾਰਨ ਭਿਆਨਕ ਅੱਗ ਲੱਗ ਗਈ। ਹਾਦਸੇ ਵਿਚ ਸੁਰਿੰਦਰ ਕੁਮਾਰ, ਚਰਨਜੀਤ ਸਿੰਘ, ਗੁਰਜਿੰਦਰ ਸਿੰਘ ਵਾਸੀ ਬਘੋਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਜੋਗੀ ਲਾਲ ਮਾਂਝੀ, ਜਤਿੰਦਰ ਭਗਤ, ਮਨੋਜ ਕੁਮਾਰ, ਸ਼ਿਵਾ ਜੀ, ਸੁਰਿੰਦਰ ਕੁਮਾਰ, ਨਿਰਮਲ ਕੁਮਾਰ ਸਮੇਤ ਦਰਜਨ ਦੇ ਕਰੀਬ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਐਂਬੁਲੈਂਸਾਂ ਰਾਹੀਂ ਜ਼ਖ਼ਮੀਆਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਰਜਿੰਦਰਾ ਵਿਚ ਇਲਾਜ ਲਈ ਭੇਜ ਦਿਤਾ, ਜਿਨ੍ਹਾਂ ਵਿਚੋਂ 4-5 ਜਣਿਆਂ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਜਸ਼ਪਾਲ ਸਿੰਘ ਵਾਸੀ ਪਟਿਆਲਾ, ਸ਼ਤੀਸ਼ ਕੁਮਾਰ ਸਿੰਗਲਾ ਅਤੇ ਕੰਪਨੀ ਦੇ ਡਾਇਰੈਕਟਰਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।
ਅੱਗ ਬੁਜਾਉਂਦੇ ਹੋਰੇ ਫਾਇਰ ਬ੍ਰਿਗੇਡ ਦੇ ਮੁਲਾਜਮ ਪਟਿਆਲਾ ਤੋਂ ਬਲਵਿੰਦਰ ਸਿੰਘ ਭੁੱਲਰ ਅਨੁਸਾਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਖੇ ਅਮੋਨੀਆ ਗੈਸ ਸਿਲੰਡਰ ਫਟਣ ਦੀ ਘਟਨਾ ਦੀ ਮੈਜਿਸਟ੍ਰੇਟ ਜਾਂਚ ਕਰਵਾਉਣ ਅਤੇ ਪੀੜਤਾਂ ਲਈ ਐਕਸ-ਗ੍ਰੇਸ਼ੀਆ ਗਰਾਂਟ ਦਾ ਐਲਾਨ ਕੀਤਾ ਹੈ। ਇਸ ਧਮਾਕੇ ਵਿੱਚ ਤਿੰਨ ਵਿਅਕਤੀ ਮਾਰੇ ਗਏ ਜਦਕਿ 11 ਹੋਰ ਜ਼ਖਮੀ ਹੋ ਗਏ।ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਮਾਸੂਮ ਲੋਕਾਂ ਦੀ ਜਾਨ ਚਲੀ ਜਾਣ ਦੀ ਦੁਖਦਾਇਕ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਜਿਸ ਨਾਲ ਇਸ ਘਟਨਾ ਦੇ ਸਾਰੇ ਪਹਿਲੂਆਂ ਨੂੰ ਘੋਖ ਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਘਨੌਰ-ਸ਼ੰਭੂ ਰੋਡ 'ਤੇ ਸਥਿਤ ਪਿੰਡ ਸੰਦਾਰਸੀ ਵਿੱਚ ਫੂਡ ਪ੍ਰੋਸੈਸਿੰਗ ਯੂਨਿਟ 'ਤੇ ਘਟਨਾ ਵਾਲੀ ਥਾਂ ਉਪਰ ਚੱਲ ਰਹੇ ਬਚਾਅ ਤੇ ਰਾਹਤ ਕਾਰਜਾਂ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਰਾਹਤ ਕਾਰਜ ਵਿੱਚ ਜੁਟੀਆਂ ਕੌਮੀ ਆਫਤ ਪ੍ਰਬੰਧਨ ਫੋਰਸ ਦੀਆਂ ਟੀਮਾਂ ਅਤੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਦੇ ਰਸਾਇਣ ਮਾਹਿਰਾਂ ਨੂੰ ਹਰ ਸੰਭਵ ਸਹਿਯੋਗ ਕਰਨ ਤੋਂ ਇਲਾਵਾ ਪੀੜਤਾਂ ਦੀ ਮਦਦ ਯਕੀਨੀ ਬਣਾਈ ਜਾਵੇ।ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਿਸਾਂ ਲਈ ਇਕ-ਇਕ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਤੋਂ ਇਲਾਵਾ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਪੀੜਤਾਂ ਦਾ ਮੁਫਤ ਇਲਾਜ ਕਰਵਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਨੇ ਹਸਪਤਾਲ ਜਾ ਕੇ ਜ਼ਖਮੀਆਂ ਦਾ ਹਾਲ-ਚਾਲ ਪੁਛਿਆ। ਇਸ ਘਟਨਾ ਵਿੱਚ ਮਾਸੂਮ ਲੋਕਾਂ ਦੇ ਤੁਰ ਜਾਣ 'ਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਲਈ ਕਾਮਨਾ ਕੀਤੀ।