
ਐਸ.ਏ.ਐਸ. ਨਗਰ, 23 ਦਸੰਬਰ (ਪ੍ਰਭਸਿਮਰਨ ਸਿੰਘ ਘੱਗਾ) : ਸੂਬਾ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹਈਆ ਕਰਵਾਉਣ ਲਈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਅਪਣੇ ਵਿਕਸਤ ਕੀਤੇ ਸ਼ਹਿਰੀ ਖੇਤਰਾਂ ਵਿਚ ਪਾਣੀ ਦੀ 24*7 ਸਪਲਾਈ ਮੁਹਈਆ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਕ ਪਾਇਲਟ ਪ੍ਰਾਜੈਕਟ ਵਜੋਂ ਇਹ ਸਕੀਮ ਵਿਭਾਗ ਵਲੋਂ ਪੰਜਾਬ ਦੇ ਕੁੱਝ ਹਿੱਸਿਆਂ ਵਿਚ ਸ਼ੁਰੂ ਕੀਤੀ ਜਾ ਚੁਕੀ ਹੈ। ਮੋਹਾਲੀ ਦੇ ਐਰੋਸਿਟੀ ਅਤੇ ਆਈ.ਟੀ. ਸਿਟੀ ਵਿਖੇ ਪਾਣੀ ਦੀ 24*7 ਸਪਲਾਈ ਸ਼ੁਰੂ ਕੀਤੀ ਜਾ ਚੁਕੀ ਹੈ। ਈਕੋ ਸਿਟੀ, ਨਿਊ ਚੰਡੀਗੜ੍ਹ ਵਿਖੇ ਇਹ ਸੁਵਿਧਾ ਇਸ ਮਹੀਨੇ ਦੇ ਅਖ਼ੀਰ ਤਕ ਸ਼ੁਰ ਕੀਤੇ ਜਾਣ ਦੀ ਉਮੀਦ ਹੈ। ਜਲੰਧਰ ਡਿਵੈਲਪਮੈਂਟ ਅਥਾਰਟੀ ਵਲੋਂ ਸ਼ਹਿਰੀ ਖੇਤਰ ਕਪੂਰਥਲਾ ਅਤੇ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਵਲੋਂ ਸ਼ਹਿਰੀ ਮਿਲਖ ਬਟਾਲਾ ਵਿਖੇ ਪਾਣੀ ਦੀ 24*7 ਸਪਲਾਈ ਦੀ ਸੁਵਿਧਾ ਸ਼ੁਰੂ ਕੀਤੀ ਜਾ ਚੁਕੀ ਹੈ। ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਵਲੋਂ ਵੀ ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ ਅਤੇ ਲੋੜੀਂਦੀ ਤਰਜ਼ 'ਤੇ ਪਾਣੀ ਦੀ ਸਪਲਾਈ ਨੇੜਲੇ ਭਵਿੱਖ ਵਿਚ ਚਾਲੂ ਕਰ ਦਿਤੀ ਜਾਵੇਗੀ। ਪਟਿਆਲਾ ਡਿਵੈਲਪਮੈਂਟ ਅਥਾਰਟੀ ਵਲੋਂ ਹੀਰਾ ਇਲਕਲੇਵ, ਨਾਭਾ ਅਤੇ ਫੁਲਕੀਆਂ ਇਨਕਲੇਵ, ਪਟਿਆਲਾ ਦੇ ਵਸਨੀਕਾਂ ਨੂੰ ਇਹ ਸੁਵਿਧਾ ਪਹਿਲਾਂ ਹੀ ਮੁਹਈਆ ਕਰਵਾਈ ਜਾ ਚੁਕੀ ਹੈ।ਬਠਿੰਡਾ ਡਿਵੈਲਪਮੈਂਟ ਅਥਾਰਟੀ ਵਲੋਂ ਬੁਢਲਾਡਾ ਅਤੇ ਮਾਨਸਾ ਵਿਖੇ ਵਿਕਸਤ ਕੀਤੀਆਂ ਜਾ ਰਹੀਆਂ ਸ਼ਹਿਰੀ ਮਿਲਖਾਂ ਵਿਚ 24 ਘੰਟੇ ਪਾਣੀ ਦੀ ਸਪਲਾਈ ਮੁਹਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਸ਼ਹਿਰੀ ਮਿਲਖਾਂ ਵਿਖੇ ਲੋੜੀਂਦੀ ਮਸ਼ੀਨਰੀ ਅਤੇ ਪਾਣੀ ਦੀ ਸਪਲਾਈ ਦਾ ਨੈੱਟਵਰਕ ਸਥਾਪਤ/ਵਿਕਸਤ ਕੀਤਾ ਜਾ ਚੁਕਿਆ ਹੈ। ਰਾਜ ਦੇ ਵੱਧ ਤੋਂ ਵੱਧ ਖੇਤਰਾਂ ਵਿਚ ਇਹ ਸੁਵਿਧਾ ਸ਼ੁਰੂ ਕਰਨ ਲਈ
ਵਿਭਾਗ ਵਲੋਂ ਯਤਨ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਵਲੋਂ ਨਿਰਧਾਰਤ ਕੀਤੇ ਨਿਯਮਾਂ ਅਨੁਸਾਰ ਆਰਾਮਦਾਇਕ ਜੀਵਨ ਬਿਤਾਉਣ ਲਈ ਇਕ ਵਿਅਕਤੀ ਨੂੰ 135 ਲਿਟਰ ਪਾਣੀ ਦੀ ਜ਼ਰੂਰਤ ਹੈ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਪਾਣੀ ਦੀ ਸਪਲਾਈ ਲਈ ਚਾਰਜ ਕੀਤੇ ਜਾ ਰਹੇ ਰੇਟ ਕੇਂਦਰ ਸਰਕਾਰ ਵਲੋਂ ਨਿਰਧਾਰਤ ਕੀਤੇ ਨਿਯਮਾਂ 'ਤੇ ਆਧਾਰਤ ਹਨ। ਵਿਭਾਗ ਵਲੋਂ ਇਸ ਸਮੇਂ ਪ੍ਰਤੀ ਮਹੀਨਾ 20 ਕਿਲੋਲੀਟਰ ਤਕ ਪਾਣੀ ਦੀ ਸਪਲਾਈ ਲਈ 5 ਰੁਪਏ ਕਿਲੋਲਿਟਰ ਰੇਟ ਚਾਰਜ ਕੀਤਾ ਜਾ ਰਿਹਾ ਹੈ। 20 ਕਿਲੋ ਲਿਟਰ ਤੋਂ ਵੱਧ ਖਪਤ ਲਈ 10 ਰੁਪਏ ਪ੍ਰਤੀ ਲਿਟਰ ਦਾ ਰੇਟ ਹੈ। ਅਸਲ ਵਿਚ 10 ਰੁਪਏ ਪ੍ਰਤੀ ਕਿਲੋਲਿਟਰ ਦਾ ਰੇਟ ਇਸ ਹਿਸਾਬ ਨਾਲ ਤਹਿ ਕੀਤਾ ਗਿਆ ਹੈ ਕਿ ਇਹ ਤਾਂ ਹੀ ਚਾਰਜ ਕੀਤਾ ਜਾਵੇਗਾ ਜੇ ਪਾਣੀ ਦੀ ਬਰਬਾਦੀ ਹੰਦੀ ਹੈ। ਜੇ ਪਾਣੀ ਬਰਬਾਦ ਨਹੀਂ ਕੀਤਾ ਜਾਂਦਾ ਤਾਂ 10 ਪ੍ਰਤੀ ਕਿਲੋਲਿਟਰ ਦੇ ਵਾਧੂ ਚਾਰਜ ਕਿਸੇ ਵੀ ਖਪਤਕਾਰ 'ਤੇ ਲਾਗੂ ਨਹੀਂ ਹੁੰਦੇ ਹਨ। ਪਾਣੀ ਦੇ ਜਿਹੜੇ ਵਾਧੂ ਰੇਟ ਟੈਰਿਫ਼ ਵਿਚ ਸ਼ਾਮਲ ਕੀਤੇ ਗਏ ਹਨ ਉਨ੍ਹਾਂ ਦਾ ਮਕਸਦ ਪਾਣੀ ਦੀ ਸੰਭਾਲ ਯਕੀਨੀ ਬਣਾਉਣਾ ਹੈ। ਵਿਭਾਗ ਵਲੋਂ ਖਪਤਕਾਰਾਂ ਤੋਂ 5 ਰੁਪਏ ਪ੍ਰਤੀ ਕਿਲੋਲਿਟਰ ਦਾ ਰੇਟ ਚਾਰਜ ਕੀਤਾ ਜਾ ਰਿਹਾ ਹੈ ਜਦਕਿ ਇਕ ਕਿਲੋਲਿਟਰ ਪਾਣੀ ਦੀ ਸਪਲਾਈ ਮੁਹਈਆ ਕਰਵਾਉਣ 'ਤੇ ਲਗਭਗ 12 ਰੁਪਏ ਦੀ ਲਾਗਤ ਆਉਂਦੀ ਹੈ। ਇਸ ਤਰ੍ਹਾਂ ਪਾਣੀ ਦੀ ਸਪਲਾਈ ਦਾ ਇਹ ਰੇਟ ਇਕ ਸਬਸਿਡੀ ਵਾਲਾ ਰੇਟ ਹੈ। ਪਾਣੀ ਦੀ ਸਪਲਾਈ ਮੁਹਈਆ ਕਰਵਾਉਣ ਲਈ ਆਉਣ ਵਾਲੇ ਖਰਚੇ ਵਿਚ ਟਿਊਬਵੈੱਲਾਂ/ਮਸ਼ੀਨਰੀ ਦੀ ਸਥਾਪਨਾ, ਇਸ ਨੂੰ ਚਲਾਉਣ ਲਈ ਬਿਜਲੀ, ਡੀਜ਼ਲ, ਮੈਨਪਾਵਰ, ਮਸ਼ੀਨਰੀ ਦੀ ਭੰਨ-ਤੋੜ, ਵਾਟਰ ਸਪਲਾਈ ਨੈੱਟਵਰਕ ਅਤੇ ਮਸ਼ੀਨਰੀ ਦੀ ਮੁਰੰਮਤ ਸ਼ਾਮਲ ਹੈ। ਇਸ ਤਰ੍ਹਾਂ ਮਨੁੱਖਤਾ ਨੂੰ ਪਾਣੀ ਵਰਗੀ ਬੁਨਿਆਦੀ ਸਹੂਲਤ ਮੁਹਈਆ ਕਰਵਾਉਣ ਲਈ ਵਿਭਾਗ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।