
ਬਹੁਤਿਆਂ ਦੀ ਮੌਤ ਦਮ ਘੁੱਟ ਜਾਣ ਕਰ ਕੇ ਹੋਈ
ਮੁੰਬਈ, 29 ਦਸੰਬਰ : ਮੁੰਬਈ ਦੇ ਅਮੀਰ-ਤਰੀਨ ਇਲਾਕੇ ਵਿਚ ਪੈਂਦੇ ਕਮਲਾ ਮਿਲ ਕੰਪਲੈਕਸ ਦੀ ਛੱਤ 'ਤੇ ਪੱਬ ਵਿਚ ਵਿਚ ਬੀਤੀ ਰਾਤ ਚਲ ਰਿਹਾ ਜਨਮਦਿਨ ਦਾ ਜਸ਼ਨ ਕਰੀਬ ਦਰਜਨ ਭਰ ਪਰਵਾਰਾਂ ਲਈ ਮਾਤਮ ਵਿਚ ਬਦਲ ਗਿਆ। ਅੱਧੀ ਰਾਤ ਦੇ ਸਮੇਂ ਇਸ ਪੱਬ ਵਿਚ ਲੱਗੀ ਅੱਗ ਨੇ 14 ਜਾਨਾਂ ਲੈ ਲਈਆਂ ਅਤੇ 21 ਹੋਰ ਝੁਲਸ ਗਏ। ਅਧਿਕਾਰੀਆਂ ਨੇ ਦਸਿਆ ਕਿ ਰਾਤ ਕਰੀਬ 12.30 ਵਜੇ ਛੱਤ 'ਤੇ ਪੈਂਦੇ ਪੱਬ ਵਿਚ ਅੱਗ ਲੱਗ ਗਈ ਅਤੇ ਛੇਤੀ ਹੀ ਤੀਜੀ ਮੰਜ਼ਲ ਵਾਲਾ 'ਮੋਜੋ ਪੱਬ' ਵੀ ਇਸ ਦੀ ਲਪੇਟ ਵਿਚ ਆ ਗਿਆ। ਕੇਈਐਮ ਹਸਪਤਾਲ ਦੇ ਡੀਨ ਅਵਿਨਾਸ਼ ਸੁਪੇ ਨੇ ਦਸਿਆ ਕਿ 11 ਔਰਤਾਂ ਸਮੇਤ ਬਹੁਤੇ ਲੋਕਾਂ ਦੀ ਮੌਤ ਧੂੰਏਂ ਨਾਲ ਦਮ ਘੁੱਟ ਜਾਣ ਕਾਰਨ ਹੋਈ ਹੈ। ਹਾਦਸੇ ਵਿਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਬਹੁਤੇ ਵਿਅਕਤੀਆਂ ਨੂੰ ਹਸਪਤਾਲ ਵਿਚ ਰਖਿਆ ਗਿਆ ਹੈ। ਸੂਤਰਾਂ ਮੁਤਾਬਕ ਹਾਦਸੇ ਵਿਚ ਜਨਮ ਦਿਨ ਮਨਾ ਰਹੀ ਕੁੜੀ ਸ਼ਾਮਲ ਹੈ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ। ਹਾਦਸੇ ਵਿਚ ਸੜੇ ਦੋਵੇਂ ਪੱਬ ਲੋਅਰ ਪਰੇਲ ਖੇਤਰ ਵਿਚ ਕਮਲ ਮਿਲ ਕੰਪਲੈਕਸ ਵਿਚਲੇ ਟਰੇਡ ਹਾਊਸ ਦੀ ਤੀਜੀ ਅਤੇ ਸੱਭ ਤੋਂ ਉਪਰਲੀ ਚੌਥੀ ਮੰਜ਼ਲ 'ਤੇ ਬਣੇ ਸੀ। ਇਸ ਕੰਪਲੈਕਸ ਵਿਚ ਰਾਸ਼ਟਰੀ ਟੈਲੀਵਿਜ਼ਨ ਚੈਨਲਾਂ ਸਮੇਤ ਕਈ ਕੰਪਨੀਆਂ ਦੇ ਦਫ਼ਤਰ ਹਨ। ਖ਼ਬਰ ਚੈਨਲ ਦੇ ਪ੍ਰੋਗਰਾਮ ਪ੍ਰੋਡਿਊਸਰ ਸੰਜੇ ਜਾਧਵ ਨੇ ਕਿਹਾ, 'ਮੈਂ ਰਾਤ ਦਫ਼ਤਰ ਵਿਚ ਸੀ। ਅਸੀਂ ਪੱਬ 'ਚੋਂ ਲੋਕਾਂ ਦੀਆਂ ਚੀਕਾਂ ਸੁਣੀਆਂ। ਪਹਿਲਾਂ ਲੱਗਾ ਕਿ ਪਾਰਟੀ ਦਾ ਰੌਲਾ ਹੈ। ਜਦ ਮੈਂ ਦਫ਼ਤਰ ਵਿਚੋਂ ਬਾਹਰ ਆਇਆ ਤਾਂ ਵੇਖਿਆ ਕਿ ਉਪਰਲੀ ਮੰਜ਼ਲ ਦੇ ਪੱਬ ਵਿਚ ਅੱਗ ਲੱਗ ਗਈ ਹੈ।' ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅੱਗ ਬੁਝਾਊ ਵਿਭਾਗ ਅਤੇ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ। ਹਾਦਸੇ ਵਿਚ ਝੁਲਸੇ ਵਿਅਕਤੀਆਂ ਨੂੰ ਪੱਬ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਇਸੇ ਦੌਰਾਨ ਬੰਬਈ ਮਿਊਂਸਪਲ ਕਾਰਪੋਰੇਸ਼ਨ ਨੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ।
ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਕਿਹਾ ਕਿ ਮੌਤਾਂ ਲਈ ਰੈਸਟੋਰੈਂਟ ਦਾ ਮਾਲਕ ਵੀ ਜ਼ਿੰਮੇਵਾਰ ਹੈ। ਰੈਸਟੋਰੈਂਟ ਮਾਲਕ ਵਿਰੁਧ ਗ਼ੈਰ-ਇਰਾਦਤਨ ਹਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਕਮਲਾ ਮਿਲ ਕੰਪਲੈਕਸ ਵਾਲੀ ਥਾਂ 'ਤੇ ਕਿਸੇ ਸਮੇਂ ਕਮਲਾ ਮਿਲ ਹੁੰਦੀ ਸੀ ਪਰ ਮਿਲ ਦਾ ਨਾਮ ਅੱਜ ਵੀ ਚਲਦਾ ਹੈ। ਲੋਕ ਸਭਾ ਵਿਚ ਉਠਿਆ ਮਾਮਲਾ, ਨਿਆਇਕ ਜਾਂਚ ਦੀ ਮੰਗਕਮਲਾ ਮਿਲ ਕੰਪਲੈਕਸ ਵਿਚ ਅੱਗ ਲੱਗਣ ਦਾ ਮਾਮਲਾ ਲੋਕ ਸਭਾ ਵਿਚ ਉਠਿਆ। ਭਾਜਪਾ ਮੈਂਬਰ ਨੇ ਇਸ ਮਾਮਲੇ ਵਿਚ ਅਜਿਹੇ ਕੰਪਲੈਕਸਾਂ ਦੀ ਅੱਗ ਸੁਰੱਖਿਆ ਆਡਿਟ ਕਰਾਉਣ ਅਤੇ ਮੁੰਬਈ ਨਗਰ ਨਿਗਮ ਦੇ ਭ੍ਰਿਸ਼ਟ ਅਧਿਕਾਰੀਆਂ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ। ਸ਼ਿਵ ਸੈਨਾ ਮੈਂਬਰ ਨੇ ਇਸ ਘਟਨਾ ਦੀ ਨਿਆਇਕ ਜਾਂਚ ਕਰਾਉਣ ਦੀ ਮੰਗ ਕੀਤੀ। ਸਿਫ਼ਰ ਕਾਲ ਦੌਰਾਨ ਭਾਜਪਾ ਦੇ ਕਿਰੀਟ ਸੋਮਇਆ ਨੇ ਇਸ ਘਟਨਾ ਬਾਬਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕੰਪਲੈਕਸ ਵਿਚ ਨਾਜਾਇਜ਼ ਉਸਾਰੀਆਂ ਹਾਦਸੇ ਦਾ ਕਾਰਨ ਬਣੀਆਂ। ਪੱਬ ਵਿਚ ਸੁਰੱਖਿਆ ਦੀਆਂ ਧੱਜੀਆਂਮੁੰਬਈ ਵਿਚ ਅੱਗ ਤੋਂ ਪ੍ਰਭਾਵਤ ਪੱਬ ਵਿਚ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ ਅਤੇ ਨਿਯਮਾਂ ਦੀ ਉਲੰਘਣਾ ਕਰ ਕੇ ਕਬਜ਼ਾ ਕਰਨ ਕਰ ਕੇ ਐਮਰਜੈਂਸੀ ਨਿਕਾਸ ਦੁਆਰ 'ਚ ਅੜਿੱਕਾ ਪਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੱਬ ਵਿਚ ਕਿਸੇ ਵੀ ਸੁਰੱਖਿਆ ਮਾਪਦੰਡ ਦੀ ਪਾਲਣਾ ਨਹੀਂ ਕੀਤੀ ਗਈ ਸੀ। ਅੱਗ ਦੀ ਹਾਲਤ ਵਿਚ ਗਾਹਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕੋਈ ਪ੍ਰਬੰਧ ਨਹੀਂ ਸੀ।