
ਗੁਰਦਾਸਪੁਰ, 7 ਫ਼ਰਵਰੀ (ਹੇਮੰਤ ਨੰਦਾ) : ਸਿਟੀ ਪੁਲਿਸ ਗੁਰਦਾਸਪੁਰ ਵਲੋਂ ਨਕਲੀ ਪਨੀਰ ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾਫਾਸ਼ ਕਰ ਕੇ ਲਗਭਗ 6 ਕੁਇੰਟਲ 25 ਕਿਲੋਗ੍ਰਾਮ ਨਕਲੀ ਪਨੀਰ ਬਰਾਮਦ ਕੀਤਾ ਹੈ । ਜਾਣਕਾਰੀ ਦਿੰਦਿਆਂ ਸਿਟੀ ਪੁਲਿਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਸ਼ਾਮ ਲਾਲ ਨੇ ਦਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਕ੍ਰਿਸ਼ਣਾ ਮੰਦਰ ਮੰਡੀ ਇਲਾਕੇ ਦੇ ਕੋਲ ਇਕ ਇਮਾਰਤ ਵਿਚ ਨਕਲੀ ਪਨੀਰ ਅਤੇ ਖੋਆ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਇਮਾਰਤ ਦਾ ਮਾਲਕ ਤਾਂ ਪਠਾਨਕੋਟ ਰਹਿੰਦਾ ਹੈ ਅਤੇ ਉਸ ਦੇ ਕਰਮਚਾਰੀ ਇਥੇ ਇਹ ਗ਼ੈਰਕਾਨੂੰਨੀ ਧੰਦਾ ਕਰਦੇ ਹਨ। ਸਿਟੀ ਪੁਲਸ ਸਟੇਸ਼ਨ ਦੀ ਟੀਮ ਨੇ ਨਕਲੀ ਪਨੀਰ ਅਤੇ ਖੋਆ ਬਣਾਉਣ ਵਾਲੀ ਫ਼ੈਕਟਰੀ 'ਤੇ
ਛਾਪੇਮਾਰੀ ਕਰ ਕੇ ਤਿੰਨ ਕਰਮਚਾਰੀ ਨਕਲੀ ਪਨੀਰ ਬਣਾਉਂਦੇ ਫੜੇ ਅਤੇ ਲੱਗਭੱਗ 6 ਕਵਿੰਟਲ 25 ਕਿਲੋਗ੍ਰਾਮ ਨਕਲੀ ਪਨੀਰ ਮੌਕੇ ਤੋਂ ਬਰਾਮਦ ਕੀਤਾ ਗਿਆ।
ਸਿਟੀ ਪੁਲਿਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਦੇ ਅਨੁਸਾਰ ਨਕਲੀ ਪਨੀਰ ਨੂੰ ਕਬਜ਼ੇ ਵਿਚ ਲੈਕੇ ਕਰਮਚਾਰੀਆਂ ਨੂੰ ਪੁਛਗਿੱਛ ਲਈ ਹਿਰਾਸਤ ਵਿਚ ਲਿਆ ਹੈ ਅਤੇ ਫ਼ੈਕਟਰੀ ਦੇ ਮਾਲਕ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਸਣਯੋਗ ਹੈ ਕਿ ਇਸ ਫ਼ੈਕਟਰੀ ਵਿਚੋਂ ਰੋਜ਼ਾਨਾ ਵੱਡੀ ਮਾਤਰਾ ਇਹ ਨਕਲੀ ਸਮਾਨ ਤਿਆਰ ਕਰ ਕੇ ਸ਼ਹਿਰ ਅਤੇ ਆਲੇ ਦੁਆਲੇ ਦੇ ਕਸਬਿਆਂ ਵਿਚ ਸਪਲਾਈ ਕੀਤਾ ਜਾਂਦਾ ਸੀ ।