
ਜ਼ੀਰਕਪੁਰ, 25 ਦਸੰਬਰ (ਐੱਸ ਅਗਨੀਹੋਤਰੀ) : ਪਿਲਸ ਨੇ ਭਬਾਤ ਖੇਤਰ ਵਿਚ ਨਕਲੀ ਸ਼ਰਾਬ ਬਣਾਉਣ ਵਾਲੀ ਇਕ ਫ਼ੈਕਟਰੀ ਫੜੀ ਹੈ। ਭਬਾਤ ਖੇਤਰ ਵਿਚ ਇਕ ਗੁਦਾਮ ਵਿਚ ਚੱਲ ਰਹੀ ਇਹ ਫ਼ੈਕਟਰੀ ਨਾਮੀ ਬ੍ਰਾਡਾਂ ਦੀਆਂ ਬੋਤਲਾਂ ਵਿਚ ਨਕਲੀ ਸ਼ਰਾਬ ਭਰੀ ਹੋਈ ਸੀ। ਪੁਲਿਸ ਨੇ ਮੌਕੇ ਤੇ ਨਕਲੀ ਸ਼ਰਾਬ ਭਰਦੇ ਪੰਜ ਜਣਿਆਂ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੌਕੇ ਤੇ ਹਜ਼ਾਰਾਂ ਲੀਟਰ ਨਕਲੀ ਸ਼ਰਾਬ, ਸੈਂਕੜੇ ਲੀਟਰ ਸਪਿਰਿਟ, ਵਿਸਕੀ ਅਤੇ ਰੰਮ ਬਣਾਉਣ ਲਈ ਫਲੇਵਰ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ। ਮੌਕੇ ਤੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਜੈ ਗਰੋਵਰ ਅਤੇ ਮਨੀਸ਼ ਕੁਮਾਰ ਵਾਸੀਆਨ ਮਨੀਮਾਜਰਾ, ਹਰਦੇਵ ਸਿੰਘ ਅਤੇ ਮਨਦੀਪ ਸਿੰਘ ਵਾਸੀਆਨ ਖਰੜ, ਗੁਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਜ਼ੀਰਕਪੁਰ ਦੇ ਰੂਪ ਵਿਚ ਹੋਈ ਹੈ। ਇਨਾਂ ਖ਼ਿਲਾਫ਼ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਭਬਾਤ ਦੇ ਗੁਦਾਮ ਖੇਤਰ ਵਿਚ ਇਕ ਨਕਲੀ ਸ਼ਰਾਬ ਬਣਾਉਣ ਵਾਲੀ ਫ਼ੈਕਟਰੀ ਚੱਲ ਰਹੀ ਹੈ। ਸੂਚਨਾ ਦੇ ਆਧਾਰ ਤੇ ਪੁਲਿਸ ਨੇ ਦੇਰ ਸ਼ਾਮ ਚੰਡੀਗੜ• ਅੰਬਾਲਾ ਹਾਈਵੇਅ ਤੇ ਸਥਿਤ ਪੰਜ ਤਾਰਾ ਰਮਾਡਾ ਹੋਟਲ ਦੇ ਪਿੱਛਲੇ ਪਾਸੇ ਨੂੰ ਜਾਂਦੀ ਸੜਕ ਪੈਂਦੇ ਇਕ ਗੁਦਾਮ ਵਿਚ ਛਾਪਾ ਮਾਰਿਆ। ਮੌਕੇ ਤੇ ਕੁਝ ਲੋਕ ਰਾਇਲ ਸਟੈਗ, ਰੈੱਡ ਨਾਈਟ ਅਤੇ ਹਰਕੁਲਿਸ ਰਮ ਦੀਆਂ ਬੋਤਲਾਂ ਵਿਚ ਨਕਲੀ ਸ਼ਰਾਬ ਭਰ ਰਹੇ ਸੀ।ਉਨਾਂ ਨੇ ਦੱਸਿਆ ਕਿ ਮੌਕੇ ਤੇ ਨਕਲੀ ਸ਼ਰਾਬ ਭਰਨ ਵਾਲੀ ਮਸ਼ੀਨ ਵੀ ਫੜੀ ਗਈ ਹੈ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਮੌਕੇ ਤੋਂ ਡਰੰਮਾਂ ਵਿਚ ਭਰੀ ਵੱਖ ਵੱਖ ਫਲੇਵਰ ਦੀ 46 ਲੱਖ 10 ਹਜ਼ਾਰ ਐਮਐਲ ਨਕਲੀ ਸ਼ਰਾਬ ਬਰਾਮਦ ਹੋਈ ਹੈ। ਇਨਾਂ ਵਿਚ ਵਿਸਕੀ ਅਤੇ ਰਮ ਸ਼ਾਮਲ ਹੈ। ਇਸ ਤੋਂ ਇਲਾਵਾ ਨਕਲੀ ਸ਼ਰਾਬ ਬਣਾਉਣ ਲਈ ਵਰਤੋਂ ਹੋਣ ਵਾਲਾ 400 ਲੀਟਰ ਸਪਿਰਿਟ, 1600 ਐਮਐਲ ਵਿਸਕੀ ਦਾ ਫਲੇਵਰ, 300 ਐਮਐਲ ਰੰਮ ਦਾ ਫਲੇਵਰ, 30 ਕਿੱਲੋਗ੍ਰਾਮ ਕੈਰਾਮਲ ਰੰਗ ਅਤੇ ਇਕ ਮਸ਼ੀਨ ਬਰਾਮਦ ਹੋਈ ਹੈ।