
ਹਰਿਆਣਾ ਪੁਲਿਸ ਜੱਸੀ ਕੋਲੋਂ ਅੱਜ ਕਰੇਗੀ ਪੁੱਛ-ਪੜਤਾਲ
ਬਠਿੰਡਾ, 29 ਦਸੰਬਰ (ਸੁਖਜਿੰਦਰ ਮਾਨ) : ਬਲਾਤਕਾਰ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਅਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਕੋਲੋਂ ਹੁਣ ਹਰਿਆਣਾ ਪੁਲਿਸ ਪੁਛਗਿੱਛ ਕਰੇਗੀ। ਸੂਤਰਾਂ ਮੁਤਾਬਕ 25 ਅਗੱਸਤ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਸਜ਼ਾ ਸੁਣਾਉਣ ਤੋਂ ਬਾਅਦ ਪੰਚਕੂਲਾ 'ਚ ਭੜਕੀ ਹਿੰਸਾ ਦੇ ਮਾਮਲੇ 'ਚ ਹਰਿਆਣਾ ਪੁਲਿਸ ਨੇ ਭਲਕੇ ਹਰਮਿੰਦਰ ਸਿੰਘ ਜੱਸੀ ਨੂੰ ਪੁਛਗਿਛ ਲਈ ਤਲਬ ਕੀਤਾ ਗਿਆ ਹੈ। ਦੋ ਦਿਨ ਪਹਿਲਾਂ ਹਰਿਆਣਾ ਪੁਲਿਸ ਨੇ ਬਕਾਇਦਾ ਜੱਸੀ ਦੇ ਘਰ ਨੋਟਿਸ ਭੇਜ ਕੇ ਭਲਕੇ ਉਨ੍ਹਾਂ ਨੂੰ ਪੰਚਕੂਲਾ ਸਥਿਤ ਪੁਲਿਸ ਦੇ ਹੈਡਕੁਆਟਰ 'ਚ ਪੇਸ਼ ਹੋਣ ਦੇ ਹੁਕਮ ਦਿਤੇ ਹਨ। ਉਧਰ ਸਾਬਕਾ ਮੰਤਰੀ ਹਰਮਿੰਦਰ ਸਿਘ ਜੱਸੀ ਪੰਚਕੂਲਾ ਹਿੰਸਾ ਜਾਂ ਹਨੀਪ੍ਰੀਤ ਨੂੰ ਲੁਕਾਉਣ ਦੇ ਮਾਮਲੇ ਵਿਚ ਖ਼ੁਦ ਨਾਲ ਕੋਈ ਸਬੰਧ ਨਾ ਹੋਣ ਦੇ ਸਪਸ਼ਟ ਦਾਅਵੇ ਕਰ ਰਹੇ ਹਨ। ਬੇਸ਼ੱਕ ਅੱਜ ਇਸ ਮਾਮਲੇ 'ਤੇ ਟਿੱਪਣੀ ਕਰਨ ਲਈ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਪ੍ਰੰਤੂ ਪਿਛਲੇ ਦਿਨਾਂ 'ਚ ਹਰਮਿੰਦਰ ਸਿੰਘ ਜੱਸੀ ਨੇ ਦਾਅਵਾ ਕੀਤਾ ਸੀ ਕਿ ਉਹ ਹਰਿਆਣਾ ਪੁਲਿਸ ਨੂੰ ਪੂਰਾ ਸਹਿਯੋਗ ਦੇਣਗੇ। ਬੀਤੇ ਕੱਲ ਹਰਿਆਣਾ ਪੁਲਿਸ ਦੇ ਸਬ ਇੰਸਪੈਕਟਰ ਸੁਰੇਸ਼ ਕੁਮਾਰ (ਨੰਬਰ 130/ਏ) ਪੰਚਕੂਲਾ ਤੋਂ ਪੁਲਿਸ ਪਾਰਟੀ ਨਾਲ ਸਾਬਕਾ ਮੰਤਰੀ ਦੇ ਜੱਦੀ ਪਿੰਡ ਜੱਸੀ ਬਾਗ ਵਾਲੀ ਵਿਖੇ ਪੁਛਗਿੱਛ ਲਈ ਪੁੱਜੇ ਸਨ। ਸੂਚਨਾ ਮੁਤਾਬਕ ਹਰਮਿੰਦਰ ਸਿੰਘ ਜੱਸੀ ਦੇ ਘਰ ਨਾ ਮਿਲਣ 'ਤੇ ਪੁਲਿਸ ਅਧਿਕਾਰੀਆਂ ਨੇ ਘਰ ਵਿਚ ਮੌਜੂਦ ਉਨ੍ਹਾਂ ਦੀ ਭਰਜਾਈ ਮਨਜੀਤ ਕੌਰ ਪਤਨੀ ਗੋਪਾਲ ਸਿੰਘ ਜੱਸੀ ਨੂੰ 30 ਦਸੰਬਰ ਨੂੰ ਪੰਚਕੂਲਾ ਸਥਿਤ ਹਰਿਆਣਾ ਪੁਲਿਸ ਦੇ ਹੈਡਕੁਆਟਰ 'ਚ ਸਵੇਰੇ 10 ਵਜੇਂ ਪੇਸ਼ ਹੋਣ ਦੇ ਲਿਖਤੀ ਆਦੇਸ਼ ਦੇ ਗਈ।
ਡੇਰਾ ਮੁਖੀ ਦੇ ਬੇਟੇ ਨੂੰ ਜੱਸੀ ਦੀ ਲੜਕੀ ਹੈ ਵਿਆਹੀ : ਦਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੀ ਲੜਕੀ ਹੁਸਨਮੀਤ ਕੌਰ ਦਾ ਵਿਆਹ ਡੇਰਾ ਮੁਖੀ ਦੇ ਬੇਟੇ ਜਸਮੀਤ ਇੰਸਾਂ ਨਾਲ 2003 ਵਿਚ ਹੋਇਆ ਸੀ। ਰਿਸ਼ਤੇਦਾਰੀ ਹੋਣ ਕਾਰਨ ਅਕਸਰ ਹੀ ਹਰਮਿੰਦਰ ਸਿੰਘ ਜੱਸੀ ਡੇਰਾ ਸਿਰਸਾ ਤੇ ਡੇਰਾ ਮੁਖੀ ਦੇ ਜੱਦੀ ਪਿੰਡ ਗੁਰੂਸਰ ਮੋੜੀਆ ਵਿਖੇ ਜਾਂਦੇ ਰਹਿੰਦੇ ਹਨ। ਜੱਸੀ ਉਪਰ ਵੋਟਾਂ ਵੇਲੇ ਹੋ ਚੁੱਕਿਆ ਹੈ ਬੰਬ ਹਮਲਾ : ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਕੁੱਝ ਦਿਨ ਪਹਿਲਾਂ 27 ਜਨਵਰੀ ਨੂੰ ਮੋੜ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਹਰਮਿੰਦਰ ਸਿੰਘ ਜੱਸੀ ਉਪਰ ਮੋੜ ਸ਼ਹਿਰ 'ਚ ਹੀ ਬੰਬ ਧਮਾਕਾ ਹੋਇਆ ਸੀ, ਜਿਸ ਵਿਚ ਬੇਸ਼ੱਕ ਸ੍ਰੀ ਜੱਸੀ ਬਚ ਗਏ ਸਨ ਪ੍ਰੰਤੂ ਪੰਜ ਬੱਚਿਆਂ ਸਹਿਤ 7 ਜਣਿਆਂ ਦੀ ਮੌਤ ਹੋ ਗਈ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਹਾਲੇ ਤਕ ਇਸ ਬੰਬ ਧਮਾਕੇ ਬਾਰੇ ਪੰਜਾਬ ਪੁਲਿਸ ਕੁੱਝ ਵੀ ਪਤਾ ਨਹੀਂ ਲਗਾ ਸਕੀ। ਪੁਛਗਿਛ ਬਾਅਦ ਅਗਲੀ ਰਣਨੀਤੀ ਬਣਾਈ ਜਾਵੇਗੀ: ਏ.ਸੀ.ਪੀ ਮੁਕੇਸ਼ ਮਲਹੋਤਰਾਬਠਿੰਡਾ : ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਭਲਕੇ ਪੁਛਗਿੱਛ ਲਈ ਪੰਚਕੂਲਾ ਬਣਾਏ ਜਾਣ ਦੀ ਪੁਸ਼ਟੀ ਕਰਦਿਆਂ ਵਿਸੇਸ਼ ਜਾਂਚ ਟੀਮ ਦੇ ਏ.ਸੀ.ਪੀ ਮੁਕੇਸ਼ ਮਲਹੋਤਰਾ ਨੇ ਦਾਅਵਾ ਕੀਤਾ ਕਿ ''ਇਸ ਕੇਸ ਨਾਲ ਸਬੰਧਤ ਕਾਫ਼ੀ ਸਾਰੇ ਸਵਾਲ ਸ੍ਰੀ ਜੱਸੀ ਨਾਲ ਸਬੰਧਤ ਹਨ, ਜਿਨ੍ਹਾਂ ਬਾਰੇ ਜਾਣਨ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਹੈ।'' ਏਸੀਪੀ ਮਲਹੋਤਰਾ ਮੁਤਾਬਕ ਸਾਬਕਾ ਮੰਤਰੀ ਨੂੰ ਇਸ ਕੇਸ ਵਿਚ ਨਾਮਜ਼ਦ ਕਰਨ ਜਾਂ ਨਾ ਕਰਨ ਬਾਰੇ ਪੁਛਗਿਛ ਤੋਂ ਬਾਅਦ ਹੀ ਪ੍ਰਗਟਾਵਾ ਹੋ ਸਕਦਾ ਹੈ। ਉਨ੍ਹਾਂ ਜਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਇਹ ਦਾਅਵਾ ਜ਼ਰੂਰ ਕੀਤਾ ਕਿ ਹੁਣ ਤਕ ਹੋਈ ਜਾਂਚ ਦੌਰਾਨ ਇਹ ਪਤਾ ਚਲਿਆ ਹੈ ਕਿ 25 ਅਗੱਸਤ ਨੂੰ ਸ੍ਰੀ ਜੱਸੀ ਵੀ ਪੰਚਕੂਲਾ ਦੇ ਨੇੜੇ ਹੀ ਸਨ।