
ਗਾਜ਼ੀਆਬਾਦ, 8 ਦਸੰਬਰ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਨੋਇਡਾ ਦੇ ਬਹੁਚਰਚਿਤ ਨਿਠਾਰੀ ਕਾਂਡ ਦੇ ਨੌਵੇਂ ਮਾਮਲੇ ਵਿਚ ਕੋਠੀ ਦੇ ਮਾਲਕ ਮਨਿੰਦਰ ਸਿੰਘ ਪੰਧੇਰ ਅਤੇ ਘਰੇਲੂ ਸਹਾਇਕ ਸੁਰਿੰਦਰ ਕੋਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਹਤਿਆ ਕਾਂਡ ਦੇ 16 ਮਾਮਲਿਆਂ ਵਿਚੋਂ ਨੌਵੇਂ ਮਾਮਲੇ ਵਿਚ ਕਲ ਦੋਹਾਂ ਨੂੰ ਦੋਸ਼ੀ ਕਰਾਰ ਦਿਤਾ ਸੀ। 25 ਸਾਲ ਦੀ ਘਰੇਲੂ ਸਹਾਇਕਾ ਅੰਜਲੀ ਦੇ ਬਲਾਤਕਾਰ ਅਤੇ ਹਤਿਆ ਦੇ ਇਸ ਮਾਮਲੇ ਨੂੰ ਵੀ ਅਦਾਲਤ ਨੇ ਦੁਰਲੱਭ ਸ਼੍ਰੇਣੀ ਵਿਚ ਰਖਦਿਆਂ ਮੌਤ ਤਕ ਫਾਂਸੀ 'ਤੇ ਲਟਕਾਉਣ ਦਾ ਫ਼ੁਰਮਾਨ ਸੁਣਾਇਆ। ਸਜ਼ਾ ਸੁਣਨ ਮਗਰੋਂ ਘਰੇਲੂ ਸਹਾਇਕ ਸੁਰਿੰਦਰ ਕੋਲੀ ਦੀਆਂ ਅੱਖਾਂ ਵਿਚੋਂ ਹੰਝੂ ਨਿਕਲ ਆਏ। ਗਾਜ਼ੀਆਬਾਦ ਦੀ ਡਾਸਨਾ ਜੇਲ ਵਿਚ ਸਜ਼ਾ
ਕੱਟ ਰਹੇ ਸੁਰਿੰਦਰ ਕੋਲੀ ਅਤੇ ਮਨਿੰਦਰ ਸਿੰਘ ਅੱਜ ਵਿਸ਼ੇਸ਼ ਅਦਾਲਤ ਵਿਚ ਹਾਜ਼ਰ ਹੋਏ। ਅਦਾਲਤ ਨੇ ਦੋਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਅਦਾਲਤ ਨੇ ਕਿਹਾ ਕਿ ਅੰਜਲੀ ਮਾਮਲੇ ਵਿਚ ਦੋਹਾਂ ਨੂੰ ਤਦ ਤਕ ਫਾਂਸੀ ਦੇ ਤਖ਼ਤੇ 'ਤੇ ਲਟਕਾਇਆ ਜਾਵੇ ਜਦ ਤਕ ਦੋਹਾਂ ਦੇ ਪ੍ਰਾਣ ਨਾ ਨਿਕਲ ਜਾਣ। ਇਹ ਤੀਜਾ ਮਾਮਲਾ ਹੈ ਜਿਸ ਵਿਚ ਅਦਾਲਤ ਨੇ ਪੰਧੇਰ ਅਤੇ ਕੋਲੀ ਨੂੰ ਕਲ ਦੋਸ਼ੀ ਕਰਾਰ ਦਿਤਾ ਸੀ। 20 ਜੂਨ 2005 ਨੂੰ 8 ਸਾਲ ਦੀ ਬੱਚੀ ਨੋਇਡਾ ਦੇ ਨਿਠਾਰੀ ਇਲਾਕੇ ਵਿਚੋਂ ਅਚਾਨਕ ਗ਼ਾਹਿਬ ਹੋ ਗਈ ਸੀ। ਫਿਰ ਸਾਰੇ ਇਲਾਕੇ ਵਿਚੋਂ ਬੱਚੇ ਗ਼ਾਇਬ ਹੋਣ ਲੱਗੇ ਤੇ ਇਹ ਸਿਲਸਿਲਾ ਇਕ ਸਾਲ ਤਕ ਚਲਦਾ ਰਿਹਾ। ਅਖ਼ੀਰ ਮੋਬਾਈਲ ਤੋਂ ਸੁਰਾਗ ਮਿਲਿਆ ਅਤੇ ਪਹਿਲੀ ਵਾਰ ਪੰਧੇਰ ਦਾ ਨਾਮ ਸਾਹਮਣੇ ਆਇਆ। ਪੁਲਿਸ ਨੂੰ ਉਸ ਦੇ ਘਰੋਂ 16 ਜਣਿਆਂ ਦੇ ਪਿੰਜਰ ਅਤੇ ਹੋਰ ਅੰਗ ਮਿਲੇ ਜਿਨ੍ਹਾਂ ਵਿਚ ਬਹੁਤੇ ਬੱਚਿਆਂ ਦੇ ਸਨ। (ਏਜੰਸੀ)