
ਰਾਏਪੁਰ : ਛੱਤੀਸਗੜ੍ਹ ਪੁਲਿਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿੰਨਰਾਂ ਦੀ ਭਰਤੀ ਕੀਤੀ ਜਾਣ ਵਾਲੀ ਹੈ। ਇਸਦੇ ਲਈ ਹੁਣ ਤੱਕ ਰਾਜ ਭਰ ਤੋਂ 40 ਅਰਜ਼ੀਆਂ ਆ ਚੁੱਕੀਆਂ ਹਨ। ਕਿੰਨਰ ਹੁਣ ਟਰੇਨਾਂ ਵਿੱਚ ਤਾੜੀਆਂ ਵਜਾਉਣ ਤੋਂ ਲੈ ਕੇ ਵਧਾਈ ਗੀਤ ਗਾਉਣ ਦਾ ਕੰਮ ਛੱਡ ਕੇ ਜੀਅ ਜਾਨ ਨਾਲ ਭਰਤੀ ਦੀਆਂ ਤਿਆਰੀਆਂ ਵਿਚ ਜੁੱਟ ਗਏ ਹਨ। ਹੁਣ ਇਨ੍ਹਾਂ ਨੂੰ ਸਵੇਰੇ ਫਿਜ਼ੀਕਲ ਟੈਸਟ ਪਾਸ ਕਰਨ ਲਈ ਵਰਕ ਆਊਟ ਕਰਦੇ ਹੋਏ ਦੇਖਿਆ ਜਾ ਰਿਹਾ ਹੈ।
ਜਾਣੋ ਕੀ ਹੈ ਭਰਤੀ ਦਾ ਪ੍ਰੋਸੈੱਸ :
ਭਰਤੀ ਸਬੰਧੀ ਇਸ਼ਤਿਹਾਰ ਦੇ ਮੁਤਾਬਕ ਜੇਕਰ ਕਿੰਨਰ ਮਹਿਲਾ ਵਰਗ ਦਾ ਫ਼ਾਰਮ ਭਰਦੇ ਹਨ ਤਾਂ ਉਨ੍ਹਾਂ ਨੂੰ ਔਰਤਾਂ ਦੇ ਮਾਪਦੰਡ ਪੂਰੇ ਕਰਨੇ ਹੋਣਗੇ। ਉਥੇ ਹੀ ਪੁਰਖ ਕਾਲਮ ਭਰਨ 'ਤੇ ਮਰਦ ਦੇ ਮਾਪਦੰਡ 'ਤੇ ਖਰਾ ਉਤਰਨਾ ਹੋਵੇਗਾ। ਇਨ੍ਹਾਂ ਨੂੰ ਗਾਇਡ ਕਰਨ ਲਈ ਵੱਖ-ਵੱਖ ਵਰਕਸ਼ਾਪਾਂ ਵੀ ਕਰਵਾਈਆਂ ਜਾ ਰਹੀਆਂ ਹਨ।
ਪਿਛਲੇ ਦਿਨੀਂ ਪੁਲਿਸ ਲਾਈਨ ਵਿੱਚ ਕਰਵਾਈ ਗਈ ਵਰਕਸ਼ਾਪ ਵਿੱਚ ਏਐਸਪੀ ਸੁਰੇਸ਼ਾ ਚੌਬੇ ਨੇ ਦੱਸਿਆ ਸੀ ਕਿ ਜੇਕਰ ਕੋਈ ਕਿੰਨਰ ਆਪਣੀ ਸ਼ਿਕਾਇਤ ਲੈ ਕੇ ਥਾਣੇ ਆਉਂਦਾ ਹੈ ਤਾਂ ਉਸ ਸਮੇਂ ਥਾਣੇ ਵਿੱਚ ਮੌਜੂਦ ਇੰਚਾਰਜ ਉਸ ਨੂੰ ਉਸੇ ਰੂਪ ਵਿੱਚ ਟਰੀਟ ਕਰੇਗਾ ਜਿਵੇਂ ਦੂਸਰਿਆਂ ਨੂੰ ਕਰਦਾ ਹੈ।
ਮਿਤਵਾ ਦੀ ਚੇਅਰਪਰਸਨ ਅਤੇ ਥਰਡ ਜੈਂਡਰ ਵੇਲਫੇਅਰ ਬੋਰਡ ਦੀ ਮੈਂਬਰ ਵਿਦਿਆ ਰਾਜਪੂਤ ਦਾ ਕਹਿਣਾ ਹੈ ਕਿ ਪਹਿਲਾਂ ਕਿੰਨਰ ਲੋਕਾਂ ਦੇ ਲਈ ਗਾਲ੍ਹ ਸਨ ਪਰ ਹੁਣ ਇਹੀ ਵਰਦੀ ਪਾ ਕੇ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਦਿਵਾਉਗੇ। ਇਨ੍ਹਾਂ ਨੇ ਕਿਹਾ ਕਿ ਤਾਮਿਲਨਾਡੂ ਅਤੇ ਰਾਜਸਥਾਨ ਵਿੱਚ ਵੀ ਉਸ ਨੌਕਰੀ ਨੂੰ ਪਾਉਣ ਲਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ।
ਛੱਤੀਸਗੜ੍ਹ ਅਜਿਹਾ ਪਹਿਲਾ ਰਾਜ ਬਣ ਰਿਹਾ ਹੈ, ਜਿੱਥੇ ਭਰਤੀ ਪ੍ਰਕਿਰਿਆ ਵਿੱਚ ਸਿੱਧੇ ਕਿੰਨਰਾਂ ਨੂੰ ਸ਼ਾਮਿਲ ਕਰਨ ਦੀ ਕਵਾਇਦ ਕੀਤੀ ਜਾ ਰਹੀ ਹੈ। ਪਹਿਲਾਂ ਇਸ ਸਮਾਜ ਨੂੰ ਲੋਕ ਬੇਇੱਜ਼ਤ ਨਜ਼ਰਾਂ ਨਾਲ ਦੇਖਦੇ ਸਨ ਅਤੇ ਲੋਕ ਇਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ। ਹੁਣ ਇਨ੍ਹਾਂ ਨੂੰ ਆਮ ਲੋਕਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਦਾ ਮੌਕਾ ਦਿੱਤਾ ਜਾ ਰਿਹਾ ਹੈ।