
ਸੋਨੇ ਦੀ ਕੀਮਤ 10-15 ਸਾਲ ਤੋਂ ਅਸਮਾਨ ਨੂੰ ਛੂਹ ਚੁੱਕੀ ਹੈ। ਕੀਮਤ ਕਿਉਂ ਏਨੀ ਵਧਦੀ ਹੈ? ਇਕ ਗ਼ਰੀਬ ਲਈ ਸੋਨਾ ਖ਼ਰੀਦਣਾ ਵੀ ਇਕ ਸੁਪਨਾ ਬਣ ਚੁਕਿਆ ਹੈ। ਸੋਨਾ ਕਿਸੇ ਦੀ ਭੁੱਖ ਮਿਟਾ ਸਕਦਾ ਹੈ? ਸੋਨਾ ਕਿਸੇ ਦਾ ਦੁੱਖ ਤੋੜ ਸਕਦਾ ਹੈ, ਸੋਨਾ ਕਿਸੇ ਦੀ ਜਾਨ ਬਚਾ ਸਕਦਾ ਹੈ? ਹਾਂ ਜਾਨ ਬਚਾ ਸਕਦਾ ਹੈ। ਜੇਕਰ ਸੋਨੇ ਦੀ ਭਸਮ ਧਿਆਨ ਨਾਲ ਬਣਾਈ ਜਾਵੇ। ਗਲੇ, ਕੰਨਾਂ, ਮੱਥੇ ਦਾ ਸ਼ਿੰਗਾਰ ਤਾਂ ਬਸ ਵਿਖਾਵਾ ਹੈ। ਦੁਨੀਆਂ ਉਤੇ ਸੋਨੇ ਦੇ ਕਈ ਰੂਪ ਹਨ।
ਕਿਸੇ ਦਾ ਸੋਨੇ ਵਰਗਾ ਪੁੱਤਰ, ਕਿਸੇ ਦੀ ਸੋਨੇ ਵਰਗੀ ਨੂੰਹ ਵਗ਼ੈਰਾ ਵਗ਼ੈਰਾ। ਉਨ੍ਹਾਂ ਵਿਚੋਂ ਸੋਨੇ ਦਾ ਇਕ ਰੂਪ ਹੈ, ਜੋ ਆਪਾਂ ਪੈਰਾਂ ਵਿਚ ਰੋਲ ਰਹੇ ਹਾਂ। ਉਹ ਹੈ ਸੋਨੇ ਵਰਗੀਆਂ ਕੀਮਤੀ ਜੜੀ-ਬੂਟੀਆਂ। ਜੜੀ-ਬੂਟੀਆਂ ਨੂੰ ਸੋਨਾ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਕਿਸੇ ਦਾ ਰੋਗ ਹੱਟ ਜਾਵੇ, ਜਾਨ ਬੱਚ ਜਾਵੇ, ਉਹ ਸੋਨੇ ਤੋਂ ਘੱਟ ਨਹੀਂ। ਮੈਂ ਸੋਨੇ ਦੀ ਕੀਮਤ ਵਰਗੀਆਂ, ਜੜੀ-ਬੂਟੀਆਂ ਦਾ ਫ਼ਾਇਦਾ ਦਸਾਂਗਾ ਜੋ ਪੈਰਾਂ ਹੇਠ ਰੁਲਦਾ ਫਿਰਦਾ ਹੈ। ਗ਼ੌਰ ਨਾਲ ਪੜ੍ਹ ਕੇ ਲੜ ਬੰਨ੍ਹੋ। ਮੇਰਾ ਤਾਂ ਇਨ੍ਹਾਂ ਜੜੀ-ਬੂਟੀਆਂ ਅੱਗੇ ਬਹੁਤ ਹੀ ਆਦਰ ਨਾਲ ਸਿਰ ਝੁਕਦਾ ਹੈ। ਮੇਰਾ ਲਿਖਣ ਦਾ ਮਨੋਰਥ ਇਹੀ ਹੈ ਕਿ ਆਯੁਰਵੈਦ ਦਾ ਗਿਆਨ ਲੈ ਕੇ, ਲੋਕਾਂ ਨੂੰ ਐਲੋਪੈਥੀ ਵਾਲੇ ਮਕੜਜਾਲ ਵਿਚੋਂ ਕਢਣਾ ਹੈ।
ਸੋਨਾ ਨੰ.1 ਪੁਨਰਵਾ: ਆਮ ਹੀ ਵੇਖਣ ਨੂੰ ਮਿਲਦਾ ਹੈ। ਹਰ ਖੇਤ ਵਿਚ ਮਿਲਦਾ ਹੈ। ਪੰਜਾਬੀ ਵਿਚ ਇਸ ਨੂੰ ਇਸਟਸਿਟ ਕਹਿੰਦੇ ਹਨ। ਆਚਾਰੀਆ ਵਾਗਭੱਟ ਜੀ ਦਸਦੇ ਹਨ, ਪੁਨਰਵਾ ਦੀ ਤਾਜ਼ਾ ਜੜ੍ਹ ਦੋ ਤੋਲੇ ਦੁੱਧ ਵਿਚ ਪੀਹ ਕੇ ਪੀਣ ਨਾਲ ਤਾਕਤ ਮਿਲਦੀ ਹੈ। ਇਕ ਸਾਲ ਤਕ ਲਗਾਤਾਰ ਲੈਣ ਨਾਲ ਬੁੱਢਾ ਜੀਵਨ ਵੀ ਜਵਾਨ ਹੋ ਜਾਂਦਾ ਹੈ। ਦਿਲ ਦੇ ਰੋਗ, ਜਿਗਰ, ਗੁਰਦੇ ਦੇ ਰੋਗ ਵਿਚ ਇਹ ਮੂਤਰਲ ਗੁਣਾਂ ਕਰ ਕੇ, ਖ਼ੂਨ ਵਿਚੋਂ ਗੰਦੇ ਟੌਕਸਿਨ ਬਾਹਰ ਕਢਦਾ ਹੈ। ਰੋਗੀ ਦੀ ਸੋਜ ਉਤਰਨੀ ਸ਼ੁਰੂ ਹੋ ਜਾਂਦੀ ਹੈ। ਯੂਰੀਆ, ਕਰੇਟੀਨਿਨ, ਇਸ ਦੇ ਰਸ ਨਾਲ ਸਾਧਾਰਣ ਹੋ ਜਾਂਦੇ ਹਨ। ਇਹ ਬਹੁਤ ਸਾਰੀਆਂ ਆਯੁਰਵੈਦਿਕ ਦਵਾਈਆਂ ਵਿਚ ਪੈਂਦਾ ਹੈ।
ਸੋਨਾ ਨੰ. 2 ਭੰਗਰਾ: ਖੇਤਾਂ, ਗਲੀਆਂ, ਖ਼ਾਲੀ ਜਗ੍ਹਾ ਆਮ ਹੀ ਮਿਲਦਾ ਹੈ। ਵਾਲਾਂ ਦੇ ਤੇਲ ਭਰਿੰਗਰਾਜ ਦੀ ਇਹ ਮੁੱਖ ਦਵਾਈ ਭੰਗਰਾ ਹੀ ਹੈ। ਬਦਹਜ਼ਮੀ, ਭੰਗਰੇ ਅਤੇ ਅਨਾਰ ਦਾ ਰਸ ਦਿਉ। ਬਵਾਸੀਰ ਵਿਚ ਭੰਗਰੇ ਦੇ ਹਰੇ ਪੱਤੇ 50 ਗਰਾਮ, ਕਾਲੀ ਮਿਰਚ 6 ਗਰਾਮ ਰਗੜ ਕੇ ਬੇਰ ਬਰਾਬਰ 1-1 ਗੋਲੀ ਤਿੰਨ ਵਾਰ ਲਉ। ਭੰਗਰੇ ਦਾ ਰਸ 10 ਗਰਾਮ, ਸ਼ਹਿਦ 10 ਗਰਾਮ ਸਵੇਰੇ ਸ਼ਾਮ ਲਉ, ਖਾਂਸੀ ਵਿਚ ਅਰਾਮ ਮਿਲਦਾ ਹੈ। ਜਿਗਰ ਵਧਦਾ ਹੋਵੇ ਤਾਂ ਜਵੈਣ ਨਾਲ ਭੰਗਰੇ ਦਾ ਰਸ ਲਵੋ, ਆਰਾਮ ਮਿਲਦਾ ਹੈ। ਪੇਟ ਦੇ ਕੀੜੇ ਹੋਣ ਤਾਂ ਭੰਗਰੇ ਦਾ ਚੂਰਨ ਅਰੰਡ ਤੇਲ ਮਿਲਾ ਕੇ ਲਵੋ।
ਸੋਨਾ ਨੰ. 3 ਬ੍ਰਹਮੀ: ਪੰਜਾਬ ਵਿਚ ਤਾਂ ਕਿਤੇ ਕਿਤੇ ਮਿਲਦੀ ਹੈ, ਪਹਾੜੀ ਇਲਾਕੇ ਵਿਚ ਬਹੁਤ ਵੱਧ ਮਾਤਰਾ ਵਿਚ ਪਾਈ ਜਾਂਦੀ ਹੈ। ਟਾਈਫਾਈਡ ਖ਼ਤਮ ਕਰਨ ਲਈ ਬ੍ਰਹਮੀ, ਲੌਂਗ, ਜੈਫਲ, ਜਾਵਿਤਰੀ ਮਿਲਾ ਕੇ ਵਰਤੋ। ਦਿਲ ਲਈ ਬ੍ਰਹਮੀ 20 ਗਰਾਮ, ਤ੍ਰਿਫ਼ਲਾ 60 ਗਰਾਮ, ਸੱਭ ਦੇ ਬਰਾਬਰ ਮਿਸ਼ਰੀ 1-1 ਚਮਚ ਸਵੇਰੇ ਸ਼ਾਮ ਲੈਣ ਨਾਲ ਲਾਭ ਹੁੰਦਾ ਹੈ। ਨੀਂਦ ਨਾ ਆਉਣ ਤੇ ਬ੍ਰਹਮੀ ਚੂਰਨ 3 ਗਰਾਮ ਰਾਤ ਨੂੰ ਦੁੱਧ ਨਾਲ 7 ਦਿਨ ਵਰਤੋ ਸ਼ਿਕਾਇਤ ਦੂਰ ਹੋ ਜਾਵੇਗੀ। ਬੱਚੇ ਦੇ ਦਿਮਾਗ਼ ਲਈ ਬ੍ਰਹਮੀ, ਬੱਚ, ਕੁੱਠ, ਹਰੜ ਬਰਾਬਰ 1 ਚੁਟਕੀ ਭਰ ਸ਼ਹਿਦ ਘੀ ਮਿਲਾ ਕੇ ਦਿਉ।
ਸੋਨਾ ਨੰ. 4 ਸਤਿਆਨਾਸੀ: ਇਹ ਬੂਟਾ 1 ਤੋਂ 2 ਫੁੱਟ ਤਕ ਉੱਚਾ ਹੁੰਦਾ ਹੈ। ਟਾਹਣੀ ਤੋੜਨ ਤੋਂ ਬਾਅਦ ਇਸ ਵਿਚੋਂ ਪੀਲੇ ਰੰਗ ਦਾ ਦੁੱਧ ਨਿਕਲਦਾ ਹੈ। 1 ਗਰਾਮ ਬੀਜ ਪੀਹ ਕੇ ਸ਼ਹਿਦ ਨਾਲ ਲੈਣ ਨਾਲ ਬਲਗਮ ਪਤਲੀ ਹੋ ਕੇ ਸਾਹ ਦਾ ਦੌਰਾ ਹੱਟ ਜਾਂਦਾ ਹੈ। ਦੰਦ ਦਰਦ ਵਿਚ ਇਸ ਦੇ ਬੀਜਾਂ ਦਾ ਧੂੰਆਂ ਨਾਲੀ ਰਾਹੀਂ ਦੁਖਦੇ ਦੰਦ ਤਕ ਪਹੁੰਚਾਉਣ ਨਾਲ ਦੰਦ ਦਰਦ ਹੱਟ ਜਾਂਦਾ ਹੈ। ਜਿਸ ਬੱਚੇ ਨੂੰ ਦੁੱਧ ਨਾ ਪਚਦਾ ਹੋਵੇ, ਉਸ ਨੂੰ ਪਤਾਸੇ ਵਿਚ 1 ਬੂੰਦ ਪਾ ਕੇ ਦੇਣ ਨਾਲ ਦੁੱਧ ਪਚਣ ਲੱਗ ਜਾਂਦਾ ਹੈ।
ਸੋਨਾ ਨੰ. 5 ਤੁੰਮਾ : ਕੌੜਤੁੰਮਾ ਵੇਲ ਵੀ ਸੋਨੇ ਵਰਗੇ ਗੁਣ ਰਖਦੀ ਹੈ। ਅਫ਼ਸੋਸ ਅਪਣੇ ਪੈਰਾਂ ਵਿਚ ਰੁਲਦੀ ਫਿਰਦੀ ਹੈ। ਬੱਚਾ ਹੋਣ ਤੋਂ ਬਾਅਦ ਪੇਟ ਫੁੱਲ ਜਾਵੇ ਤਾਂ ਤੁੰਮੇ ਨੂੰ ਪੀਹ ਕੇ ਲੇਪ ਕਰੋ, ਪੇਟ ਪਹਿਲੀ ਹਾਲਤ ਵਿਚ ਆ ਜਾਂਦਾ ਹੈ। ਗੰਜ ਵਿਚ ਇਸ ਦੀ ਜੜ੍ਹ ਗਊ ਮੂਤਰ ਵਿਚ ਪੀਹ ਕੇ ਲੇਪ ਲਗਾਉ। ਅੰਡਕੋਸ਼ਾਂ ਦੇ ਵਾਧੇ ਵਿਚ ਤੁੰਮੇ ਦੀ ਜੜ੍ਹ ਦਾ ਚੂਨ ਗਊ ਦੇ ਦੁੱਧ ਵਿਚ ਪੀਹ ਕੇ ਅਰੰਡ ਤੇਲ ਮਿਲਾ ਕੇ ਪੀਣ ਨਾਲ ਅੰਡਕੋਸ਼ ਵਧਦਾ ਠੀਕ ਹੋ ਜਾਂਦਾ ਹੈ। ਤੁੰਮੇ ਦੀ ਅਜਵਾਇਨ ਤੋਂ ਸੱਭ ਜਾਣੂ ਹਨ।
ਸੋਨਾ ਨੰ. 5 ਪੁਠਕੰਡਾ : ਜਿਥੇ ਇਹ ਬੂਟਾ ਹੁੰਦਾ ਹੈ, ਉਥੇ ਸੱਪ ਤੇ ਬਿੱਛੂ ਨਹੀਂ ਹੁੰਦੇ। ਪੁਠਕੰਡੇ ਦਾ ਸਾਰਾ ਬੂਟਾ, ਛਮਕਮੋਲੀ ਦੇ ਬੀਜ, ਸ਼ਿਵਲਿੰਗੀ, ਆਂਵਲਾ, ਬੀਜ ਜੀਆਪੋਤਾ ਬਰਾਬਰ ਲੈ ਕੇ ਮਾਹਵਾਰੀ ਤੋਂ ਬਾਅਦ 7 ਦਿਨ ਲੈਣ ਨਾਲ ਔਰਤ ਗਰਭਵਤੀ ਹੋ ਜਾਂਦੀ ਹੈ। ਪੁਠਕੰਡੇ ਦੀ ਜੜ੍ਹ ਔਰਤ ਦੇ ਪੇਡੂ ਉਤੇ ਰਖਣ ਨਾਲ ਸੌ ਫ਼ੀ ਸਦੀ ਬਿਨਾਂ ਟੀਕੇ ਅਪਰੇਸ਼ਨ ਤੋਂ ਬੱਚਾ ਪੈਦਾ ਹੋ ਜਾਂਦਾ ਹੈ। ਔਰਤ ਨੂੰ ਕੋਈ ਤਕਲੀਫ਼ ਨਹੀਂ ਹੁੰਦੀ, ਅਨੇਕਾਂ ਗੁਣਾਂ ਨਾਲ ਭਰਿਆ ਹੈ ਇਹ ਬੂਟਾ।
ਕਲਫ਼ਾ (ਲਾਲ ਟਾਹਣੀਆਂ ਵਾਲਾ): ਹਰ ਘਰ ਵਿਹੜੇ ਵਿਚ ਉਗ ਜਾਂਦਾ ਹੈ, ਓਮੇਗਾ 3, ਵਿਟਾਮਿਨ, ਮਿਨਰਲ, ਕੈਲਸ਼ੀਅਮ ਦਾ ਖ਼ਜ਼ਾਨਾ ਹੈ। ਸਰ੍ਹੋਂ ਦਾ ਪੌਦਾ, ਦੁੱਬ, ਬੂਟੀ ਹਜ਼ਾਰ ਦਾਨੀ, ਪਤਾ ਨਹੀਂ ਕਿੰਨੀਆਂ ਆਮ ਵੇਖਣ ਵਾਲੀਆਂ ਬੂਟੀਆਂ ਜੋ ਸੋਨੇ ਤੋਂ ਘੱਟ ਨਹੀਂ, ਸਾਡੇ ਪੈਰਾਂ ਵਿਚ ਰੁਲ ਰਹੀਆਂ ਹਨ ਜਿਨ੍ਹਾਂ ਦੀ ਕੀਮਤ ਨਾ ਪੈਣੀ ਸਾਡੀ ਅਪਣੀ ਨਾਸਮਝੀ ਹੈ, ਸਾਡਾ ਆਯੁਰਵੈਦ ਪ੍ਰਤੀ ਜਾਗਰੂਕ ਨਾ ਹੋਣਾ ਹੈ।
ਐਲੋਪੈਥੀ ਦੀਆਂ ਰੰਗ-ਬਿਰੰਗੀਆਂ ਗੋਲੀਆਂ ਕੈਪਸੂਲ ਖਾਣੇ ਸਾਨੂੰ ਚੰਗੇ ਲਗਦੇ ਹਨ, ਜੋ ਸਾਡੇ ਸਰੀਰ ਤੇ ਜ਼ਹਿਰ ਵਰਗਾ ਅਸਰ ਕਰਦੇ ਹਨ। ਇਹ ਤੁਹਾਡੀ ਮਰਜ਼ੀ ਹੈ, ਸੋਹਣਾ ਦਿਸਣ ਵਾਲਾ ਜ਼ਹਿਰ ਹੀ ਖਾਣਾ ਹੈ ਜਾਂ ਅੱਗੇ ਤੋਂ ਪੈਰਾਂ ਹੇਠ ਰੁਲ ਰਿਹਾ ਕੀਮਤੀ ਸੋਨਾ ਅਰਥਾਤ ਜੜ੍ਹੀ-ਬੂਟੀਆਂ ਦੀ ਕਦਰ ਕਰ ਕੇ ਅਪਣੇ ਸਰੀਰ ਨੂੰ ਨਿਰੋਗ ਰਖਣਾ ਹੈ, ਕ੍ਰਿਪਾ ਕਰ ਕੇ ਇਸ ਸੋਨੇ ਦੀ ਬੇਅਦਬੀ ਨਾ ਕਰ ਕੇ, ਸਾਨੂੰ ਸਹਿਯੋਗ ਦਿਉ, ਅਸੀ ਤੁਹਾਡੇ ਦਿਲੋਂ ਧਨਵਾਦੀ ਹੋਵਾਂਗੇ।