
ਪੰਜਾਬ ਸਰਕਾਰ ਨੇ ਔਰਤਾਂ ਨੂੰ ਜਣੇਪੇ ਦੌਰਾਨ ਅੰਸ਼ਕ ਲਾਭ ਦੇਣ ਦੇ ਮਨੋਰਥ ਨਾਲ ਪ੍ਰਧਾਨ ਮੰਤਰੀ ਮਾਤਰ ਵੰਦਨਾ' ਯੋਜਨਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਤਹਿਤ 1 ਜਨਵਰੀ 2017 ਤੋਂ ਬਾਅਦ ਜਨਮੇ ਪਹਿਲੇ ਬੱਚੇ ਲਈ ਹਰੇਕ ਮਾਂ ਨੂੰ 5 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਤਹਿਤ 1 ਜਨਵਰੀ 2017 ਤੋਂ ਬਾਅਦ ਜਨਮੇ ਪਹਿਲੇ ਬੱਚੇ ਲਈ ਹਰੇਕ ਮਾਂ ਇਹ ਰਾਹਤ ਰਾਸ਼ੀ ਲੈਣ ਦੇ ਯੋਗ ਹੋਵੇਗੀ।
ਉਨ੍ਹਾਂ ਦੱਸਿਆ ਕਿ 5 ਹਜ਼ਾਰ ਰੁਪਏ ਦੀ ਰਾਹਤ ਰਾਸ਼ੀ 3 ਕਿਸ਼ਤਾਂ ਵਿਚ ਦਿੱਤੀ ਜਾਵੇਗੀ ਅਤੇ ਇਸ ਵਿੱਤੀ ਇਮਦਾਦ ਨੂੰ ਪ੍ਰਾਪਤ ਕਰਨ ਲਈ ਆਮਦਨ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਹੱਦ ਜਾਂ ਮਾਪਦੰਡ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਗਰਭਵਤੀ ਹੋਣ ਉਤੇ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਹੀ ਦਿੱਤੀ ਜਾਵੇਗੀ।
ਜਦੋਂ ਕਿ 2 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਗਰਭਵਤੀ ਹੋਣ ਤੋਂ 6 ਮਹੀਨੇ ਬਾਅਦ ਜਣੇਪਾ ਪੂਰਵ ਜਾਂਚ ਕਰਵਾਉਣ ਸਮੇਂ ਦਿੱਤੀ ਜਾਵੇਗੀ। ਇਸੇ ਤਰ੍ਹਾਂ 2 ਹਜ਼ਾਰ ਰੁਪਏ ਦੀ ਤੀਜੀ ਕਿਸ਼ਤ ਬੱਚੇ ਦਾ ਜਨਮ ਹੋਣ ਉਪਰੰਤ ਬੱਚੇ ਦਾ ਪਹਿਲਾ ਟੀਕਾਕਰਨ ਹੋਣ ਸਮੇਂ ਮੁਹੱਈਆ ਕਰਵਾਈ ਜਾਵੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਯੋਗ ਲਾਭਪਾਤਰੀ ਆਪਣੇ ਨੇੜੇ ਦੇ ਆਂਗਣਵਾੜੀ ਕੇਂਦਰ ਵਿਚ ਆਪਣੇ ਨਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।