
28 ਅਗਸਤ ਨੂੰ ਬਲਾਤਕਾਰ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਦਸ ਦਿਨ ਦੇ ਅੰਦਰ ਹੀ ਡੇਰੇ ਦਾ ਕਰੋੜਾਂ ਰੁਪਿਆਂ ਦਾ ਕੰਮ ਕਰ ਬੰਦ ਹੋ ਗਿਆ ਹੈ। ਇਸ ਕੰਮ ਕਾਜ ਦਾ ਕਰੀਬ 800 ਕਰੋੜ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਡੇਰਾ ਸਿਰਸਾ ਦੇ 8 ਸਕੂਲ ਅਤੇ ਕਾਲਜ, ਫਾਈਵ ਸਟਾਰ ਹੋਟਲ ਐਮਐਸਜੀ ਰਿਜ਼ੋਰਟ, ਕਸ਼ਿਸ਼ ਰੈਸਟੋਰੈਂਟ ਅਤੇ ਪੁਰਾਣੇ ਡੇਰੇ ਦੇ ਸਾਹਮਣੇ ਏ.ਸੀ. ਮਾਰਕਿਟ ਦੀਆਂ 52 ਦੁਕਾਨਾਂ, ਸਭ ਪਾਸੇ ਜਿੰਦਰੇ ਲੱਗੇ ਦਿਖਾਈ ਦਿੰਦੇ ਹਨ।
ਕਈ ਬੈਂਕ ਖਾਤੇ ਵੀ ਸੀਲ ਕਰਨ ਕਰਕੇ ਲੈਣ ਦੇਣ ਨਹੀਂ ਹੋ ਪਾ ਰਿਹਾ। ਵੱਖੋ-ਵੱਖ ਕਾਰੋਬਾਰਾਂ ਨਾਲ ਜੁੜੇ ਕਰੀਬ ਅੱਠ ਹਜ਼ਾਰ ਲੋਕ ਬੇਰੋਜ਼ਗਾਰ ਹੋ ਗਏ ਅਤੇ ਬਹੁਤ ਸਾਰੇ ਲੋਕ ਡਰ ਦੇ ਮਾਰੇ ਸਿਰਸਾ ਛੱਡ ਗਏ ਹਨ। 2008 ਤੋਂ ਰਾਮ ਰਹੀਮ ਨੇ ਹੁਣ ਤੱਕ 14 ਕੰਪਨੀਆਂ ਖੜ੍ਹੀਆਂ ਕਰ ਲਈਆਂ ਸਨ।
ਇਨ੍ਹਾਂ ਵਿਚੋਂ 9 ਕੰਪਨੀਆਂ ਤਾਂ ਪਿਛਲੇ 4 ਸਾਲਾਂ ਦੇ ਵਕਫ਼ੇ ਦੌਰਾਨ ਹੀ ਹੋਣ ਵਿੱਚ ਲਿਆਂਦੀਆਂ ਗਈਆਂ ਸੀ। ਰਾਮ ਰਹੀਮ ਦਾ ਮਕਸਦ 5 ਸਾਲ ਵਿਚ ਕਾਰੋਬਾਰ ਨੂੰ 5000 ਕਰੋੜ ਤੱਕ ਲੈ ਜਾਣਾ ਸੀ। ਹੁਣ ਡੇਰੇ ਦੀ ਸਾਰੀ ਜਾਇਦਾਦ ਕਾਨੂੰਨੀ ਸ਼ਿਕੰਜੇ ਹੇਠ ਲੈਣ ਦੀ ਤਿਆਰੀ ਵੀ ਸ਼ੁਰੂ ਹੋ ਚੁੱਕੀ ਹੈ। ਡੇਰਾ ਪ੍ਰੇਮੀਆਂ ਦੀ ਗੁੰਡਾਗਰਦੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਡੇਰੇ ਦੀ ਜਾਇਦਾਦ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੇਸ਼ ਭਰ ਵਿਚ 400 ਦੇ ਕਰੀਬ ਡੀਲਰਾਂ ਨੇ ਐਮਐਸਜੀ ਸਟੋਰ ਬੰਦ ਕਰ ਦਿੱਤੇ ਹਨ।
ਐਮਐਸਜੀ ਆਲ ਇੰਡੀਆ ਟਰੇਡਿੰਗ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਕੰਪਨੀ ਦੇਸ਼ ਵਿਦੇਸ਼ ਵਿਚ ਡੇਰੇ ਦੇ 600 ਤੋਂ ਜ਼ਿਆਦਾ ਨਾਮ ਚਰਚਾ ਘਰਾਂ ਅਤੇ 400 ਡੀਲਰਾਂ ਰਾਹੀਂ 151 ਉਤਪਾਦਾਂ ਵਿੱਚ ਐਮ.ਐਸ.ਜੀ. ਸ਼ੈਂਪੂ, ਹੇਅਰ ਆਇਲ, ਚਾਹ, ਚੌਲ, ਦਾਲਾਂ, ਬਿਸਕੁਟ, ਆਚਾਰ ਤੇ ਮਿਨਰਲ ਵਾਟਰ ਆਦਿ ਵੇਚਦੀ ਰਹੀ ਹੈ।