
ਐਸ.ਏ.ਐਸ. ਨਗਰ, 16 ਜਨਵਰੀ (ਕੁਲਦੀਪ ਸਿੰਘ) : ਸਵੱਛ ਸਰਵੇਖਣ ਤਹਿਤ ਹੁਣ ਛੇਤੀ ਹੀ ਪਲਾਸਟਿਕ ਦੀਆਂ ਥੈਲੀਆਂ ਅਤੇ ਸ਼ਹਿਰ ਵਿਚ ਲੋਕਾਂ ਦੁਆਰਾ ਸੁੱਟੇ ਜਾਂਦੇ ਮਲਬੇ ਵਿਰੁਧ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਸਬੰਧੀ ਮਿਸ਼ਨ ਅੰਬੈਸਡਰ ਤਰਨਦੀਪ ਕੌਰ ਦਾ ਸੰਦੇਸ਼ ਛੇਤੀ ਹੀ ਰੇਡੀਉ ਦੇ ਮਾਧਿਅਮ ਰਾਹੀਂ ਲੋਕਾਂ ਵਿਚ ਪ੍ਰਸਾਰਤ ਹੋਵੇਗਾ। ਇਸ ਸਬੰਧੀ ਬਾਕਾਇਦਾ ਤੌਰ 'ਤੇ ਨਿਗਮ ਦੀ ਮਿਸ਼ਨ ਅੰਬੈਸਡਰ ਤਰਨਦੀਪ ਕੌਰ ਨੇ ਮੁਹਾਲੀ ਦੇ ਲੋਕਾਂ ਦੇ ਨਾਂ ਸੰਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਉਹ ਸਬਜ਼ੀਆਂ ਅਤੇ ਹੋਰ ਸਮਾਨ ਦੀ ਖ਼ਰੀਦ ਕਰਨ ਵੇਲੇ ਜੂਟ, ਕਪੜੇ ਜਾਂ ਕਾਗ਼ਜ਼ ਦੇ ਥੈਲਿਆਂ ਦੀ ਵਰਤੋਂ ਕਰਨ ਅਤੇ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨ ਕਿਉਂਕਿ ਪਲਾਸਟਿਕ ਦੀਆਂ ਥੈਲੀਆਂ ਨਾਲ ਨਾ ਸਿਰਫ਼ ਪ੍ਰਦੂਸ਼ਣ ਫੈਲ ਰਿਹਾ ਹੈ, ਸਗੋਂ ਇਸ ਨੂੰ ਖਾਣ ਨਾਲ ਜਾਨਵਰ ਬੀਮਾਰ ਹੋ ਕੇ ਮਰ ਰਹੇ ਹਨ। ਇਹ ਥੈਲੀਆਂ ਵਾਤਾਵਰਣ ਤੋਂ ਕਦੇ ਵੀ ਖ਼ਤਮ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਇਸ ਨਾਲ ਗਲੀਆਂ ਨਾਲੀਆਂ ਜਾਮ ਹੁੰਦੀਆਂ ਹਨ, ਜਿਸ ਨਾਲ ਸੀਵਰੇਜ ਅਤੇ ਡਰੇਨੇਜ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ।
ਇਸੇ ਤਰ੍ਹਾਂ ਮਲਬੇ ਬਾਰੇ ਮਿਸ਼ਨ ਅੰਬੈਸਡਰ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਅਪਣੇ ਸੰਦੇਸ਼ ਵਿਚ ਬੇਨਤੀ ਕੀਤੀ ਹੈ ਕਿ ਨਗਰ ਨਿਗਮ ਸ਼ਹਿਰ ਵਿਚ ਸੁੱਟੇ ਜਾਂਦੇ ਵੱਖ-ਵੱਖ ਤਰ੍ਹਾਂ ਦੇ ਮਲਬੇ ਨੂੰ ਟਿਕਾਣੇ ਲਗਾਉਣ ਲਈ ਕੋਈ ਠੋਸ ਉਪਾਅ ਤਿਆਰ ਕਰੇ ਤਾਂ ਜੋ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਇਸ ਤਰ੍ਹਾਂ ਦੇ ਮਲਬੇ ਤੋਂ ਸ਼ਹਿਰ ਨੂੰ ਛੁਟਕਾਰਾ ਮਿਲ ਸਕੇ।ਇਸ ਮਾਮਲੇ ਵਿਚ ਸੰਪਰਕ ਕਰਨ 'ਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਮਿਸ਼ਨ ਅੰਬੈਸਡਰ ਵਲੋਂ ਉਨ੍ਹਾਂ ਕੋਲੋਂ ਮਲਬੇ ਨੂੰ ਟਿਕਾਣੇ ਲਗਾਉਣ ਸਬੰਧੀ ਉਪਾਅ ਕਰਨ ਦੀ ਜੋ ਬੇਨਤੀ ਕੀਤੀ ਗਈ ਹੈ, ਉਸ ਸਬੰਧੀ ਨਿਗਮ ਵਲੋਂ ਪੂਰੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਥਾਂ-ਥਾਂ 'ਤੇ ਮਲਬਾ ਨਾ ਸੁੱਟਣ। ਉਨ੍ਹਾਂ ਇਹ ਵੀ ਸੰਕੇਤ ਦਿਤਾ ਕਿ ਸ਼ਹਿਰ ਵਿਚ ਮਲਬਾ ਸੁੱਟਣ ਵਾਲੇ ਵਸਨੀਕਾਂ ਦੇ ਵਿਰੁਧ ਸਖ਼ਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।