
ਫਿਰੋਜ਼ਪੁਰ: ਨਸ਼ਾ ਤਸਕਰੀ ਲਈ ਬਣੀ ਵਿਸ਼ੇਸ਼ ਟੀਮ ਤੇ ਸੀਮਾ ਸੁਰੱਖਿਆ ਬਲ ਨੇ 10 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੋਂ ਤਸਕਰ ਨਸ਼ੇ ਦੀ ਵੱਡੀ ਖੇਪ ਭਾਰਤ ਵਿੱਚ ਭੇਜ ਰਹੇ ਸਨ, ਉੱਥੋਂ ਪਾਕਿਸਤਾਨੀ ਫ਼ੌਜ ਦੀ ਚੌਕੀ 1100 ਮੀਟਰ ਦੀ ਦੂਰੀ ‘ਤੇ ਹੈ। ਇਸ ਆਪ੍ਰੇਸ਼ਨ ਦੌਰਾਨ ਇੱਕ ਤਸਕਰ ਮਾਰਿਆ ਗਿਆ ਹੈ ਤੇ ਦੂਜਾ ਫਰਾਰ ਹੋ ਗਿਆ ਹੈ।
ਨਸ਼ੇ ਦੀ ਇਹ ਖੇਪ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਦੀ ਬੀ.ਓ.ਪੀ. ਬਾਰੇਕੇ ਇਲਾਕੇ ਵਿੱਚ ਤਸਕਰ ਪਲਾਸਟਿਕ ਦੀ ਪਾਈਪ ਰਾਹੀਂ ਪਾਕਿਸਤਾਨ ਤੋਂ ਭਾਰਤ ਵਿੱਚ ਭੇਜੀ ਜਾ ਰਹੀ ਸੀ। ਫੜੇ ਗਈ ਹੈਰੋਇਨ ਦੀ ਕੀਮਤ 50 ਕਰੋੜ ਰੁਪਏ ਹੈ। ਬੀ.ਐਸ.ਐਫ. ਦੀ 105 ਬਟਾਲੀਅਨ ਦੇ ਜਵਾਨਾਂ ਨੇ ਇਸ ਤਸਕਰੀ ਨੂੰ ਨਾਕਾਮ ਕਰਦਿਆਂ 10 ਕਿੱਲੋ ਹੈਰੋਇਨ ਤੋਂ ਇਲਾਵਾ ਇੱਕ ਪਿਸਟਲ, ਦੋ ਮੈਗਜ਼ੀਨ, 17 ਰੌਂਦ, ਦੋ ਮੋਬਾਈਲ ਫੋਨ ਤੇ ਤਿੰਨ ਪਾਕਿ ਸਿੰਮ ਕਾਰਡ ਤੇ 110 ਰੁਪਏ ਦੀ ਪਾਕਿ ਕਰੰਸੀ ਬਰਾਮਦ ਕੀਤੀ ਹੈ।
ਚੌਕੀ ਨਜ਼ਦੀਕ ਹੋਣ ਦੇ ਬਾਵਜੂਦ ਪਾਕਿਸਤਾਨੀ ਫ਼ੌਜ ਵੱਲੋਂ ਕਾਰਵਾਈ ਨਾ ਕਰਨ ਨਾਲ ਪਾਕਿ ਦੀ ਭਾਰਤ ਪ੍ਰਤੀ ਮਨਸ਼ਾ ਸਪੱਸ਼ਟ ਹੁੰਦੀ ਹੈ। ਇਸ ਦੇ ਨਾਲ ਪਾਕਿਸਤਾਨੀ ਏਜੰਸੀਆਂ ਵੱਲੋਂ ਭਾਰਤ ਵਿੱਚ ਤਸਕਰੀ ਤੇ ਘੁਸਪੈਠ ਕਰਨ ਵਿੱਚ ਕੀਤੀ ਜਾਂਦੀ ਹਮਾਇਤ ਦਾ ਪਰਦਾਫਾਸ਼ ਹੋਇਆ ਹੈ।
ਆਈ.ਜੀ. ਬੀ.ਐਸ.ਐਫ ਤੇ ਆਈ.ਜੀ. ਐਸ.ਟੀ.ਐਫ. ਨੇ ਕਿਹਾ ਕਿ ਬੀ.ਓ.ਪੀ. ਬਾਰੇਕੇ ਚੌਕੀ ਵਿੱਚ ਬੀਤੀ ਰਾਤ ਹੋ ਰਹੀ ਹਿੱਲਜੁਲ ਨੂੰ ਦੇਖਦਿਆਂ ਜਿਵੇਂ ਹੀ ਜਵਾਨਾਂ ਨੇ ਲਲਕਾਰਾ ਮਾਰਿਆ ਤਾਂ ਅੱਗੋਂ ਤਸਕਰਾਂ ਨੇ ਫਾਈਰ ਕਰ ਦਿੱਤਾ। ਜਵਾਬੀ ਕਾਰਵਾਈ ਵਿੱਚ ਜਵਾਨਾਂ ਨੇ ਇੱਕ ਤਸਕਰ ਨੂੰ ਮੌਕੇ ’ਤੇ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਦੂਜਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਵਿਚ ਹੁੰਦੀ ਫਲੈਗ ਮੀਟਿੰਗ ਦੌਰਾਨ ਅੱਜ ਦੀ ਤਸਕਰੀ ਦਾ ਮੁੱਦਾ ਤੇ ਪਾਕਿ ਚੌਕੀ ਵੱਲੋਂ ਉਨ੍ਹਾਂ ‘ਤੇ ਕਾਰਵਾਈ ਨਾ ਕੀਤੇ ਜਾਣ ਦੀ ਗੱਲ ਉਠਾਈ ਜਾਵੇਗੀ।