
ਮੋਹਾਲੀ ਦੇ ਫੇਜ਼-3ਬੀ2 'ਚ ਹੋਏ ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਅਤੇ ਉਨ੍ਹਾਂ ਦੀ ਮਾਂ ਗੁਰਚਰਨ ਕੌਰ ਦੇ ਕਤਲ ਮਾਮਲੇ 40 ਗਵਾਹ ਗੁੱਝੇ ਭੇਤ ਖੋਲ੍ਹਣਗੇ। ਇਸ ਮਾਮਲੇ 'ਚ ਪੁਲਿਸ ਨੇ ਸੋਮਵਾਰ ਨੂੰ ਅਦਾਲਤ 'ਚ ਦੋਸ਼ੀ ਗੌਰਵ ਕੁਮਾਰ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ।
ਦੋਸ਼ੀ ਖਿਲਾਫ ਕਈ ਧਾਰਾਵਾਂ ਲਾਈਆਂ ਗਈਆਂ ਹਨ। ਕਤਲ ਦੀ ਗਵਾਹੀ ਦੇਣ ਵਾਲੇ 40 ਗਵਾਹਾਂ 'ਚ ਦੋਸ਼ੀ ਨੂੰ ਫੜ੍ਹਨ ਵਾਲੇ ਪੁਲਿਸ ਜਵਾਨਾਂ ਤੋਂ ਲੈ ਕੇ ਚੋਰੀ ਦਾ ਸਮਾਨ ਖਰੀਦਣ ਵਾਲੇ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਪੁਲਿਸ ਦੀ ਗਵਾਹਾਂ ਦੀ ਸੂਚੀ 'ਚ ਕੇ. ਜੀ. ਸਿੰਘ ਦੀ ਭੈਣ ਯਸ਼ਪਾਲ ਕੌਰ, ਭਾਣਜਾ ਅਜੇਪਾਲ, ਬਹਿਣੋਈ ਅਜੀਤ ਸਿੰਘ ਸਹੋਤਾ ਤੋਂ ਇਲਾਵਾ ਮਾਤਾ ਪ੍ਰਸਾਦ ਅਤੇ ਹੋਰ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 23 ਸਤੰਬਰ, 2017 ਦੀ ਰਾਤ ਨੂੰ ਕੇ. ਜੇ. ਸਿੰਘ ਅਤੇ ਉਨ੍ਹਾਂ ਦੀ ਮਾਂ ਗੁਰਚਰਨ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਫੋਰਡ ਆਈਕਨ ਕਾਰ, 22 ਹਜ਼ਾਰ ਰੁਪਏ, ਏ. ਟੀ. ਐੱਮ. ਕਾਰਡ, ਕ੍ਰੈਡਿਟ ਕਾਰਡ, ਘੜੀ, ਐੱਲ. ਸੀ. ਡੀ. ਅਤੇ ਸੈੱਟ ਟਾਪ ਬਾਕਸ ਵੀ ਚੋਰੀ ਕੀਤਾ ਗਿਆ ਸੀ। ਮੋਹਾਲੀ ਪੁਲਸ ਨੇ ਇਸ ਮਾਮਲੇ 'ਚ 33 ਦਿਨ ਬਾਅਦ ਗੌਰਵ ਕੁਮਾਰ ਨਾਂਦੇ ਦੋਸ਼ੀ ਨੂੰ ਸੋਹਾਣਾ ਨੇੜਿਓਂ ਗ੍ਰਿਫਤਾਰ ਕੀਤਾ ਸੀ।