ਨਗਰ ਨਿਗਮ ਪਟਿਆਲਾ ਦੇ ਚੌਥੇ ਹਾਊਸ ਦੇ ਨਵੇਂ ਚੁਣੇ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਅਤੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਸਮਾਗਮ 23 ਜਨਵਰੀ ਨੂੰ ਸਵੇਰੇ ਨਗਰ ਨਿਗਮ ਦੇ ਸਾਹਿਰ ਲੁਧਿਆਣਵੀ ਆਡੀਟੋਰੀਅਮ ਵਿਖੇ ਹੋਇਆ। ਇਸ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਡਵੀਜਨਲ ਕਮਿਸ਼ਨਰ ਪਟਿਆਲਾ ਅਤੇ ਡਿਪਟੀ ਕਮਿਸ਼ਨਰ ਨੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਨਗਰ ਨਿਗਮ ਦਫ਼ਤਰ ਦਾ ਦੌਰਾ ਕੀਤਾ ਸੀ। ਪਟਿਆਲੇ ਤੋਂ ਮੇਅਰ ਦਾ ਨਾਮ ਸਾਹਮਣੇ ਆ ਗਿਆ ਹੈ। ਸੰਜੀਵ ਬਿੱਟੂ ਪਟਿਆਲੇ ਦੇ ਮੇਅਰ ਬਣੇ ਹਨ।

ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਬਣੇ ਹਨ। ਪਟਿਆਲੇ ਦੇ ਡਿਪਟੀ ਮੇਅਰ ਵਿਨਤੀ ਸੰਗਰ ਬਣੇ ਹਨ। ਬੀਤੇ ਦਿਨੀਂ ਭਾਜਪਾ ਦੇ ਦੇਵੇਸ਼ ਮੋਦਗਿਲ ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਸਨ। ਦੇਵੇਸ਼ ਮੋਦਗਿਲ ਨੂੰ ਕੁੱਲ 22 ਵੋਟ ਪਏ। ਉਨ੍ਹਾਂ ਨੂੰ ਜਿੱਤਣ ਲਈ 14 ਵੋਟਾਂ ਚਾਹੀਦੀਆਂ ਸਨ। 5 ਵੋਟਾਂ ਕਾਂਗਰਸ ਦੇ ਦੇਵੇਂਦਰ ਬਾਬਲਾ ਨੂੰ ਪਈਆਂ। ਕੁਲ 27 ਵੋਟਾਂ ਜਿਸ ਵਿਚੋਂ 22 ਵੋਟ ਦੇਵੇਸ਼ ਮੋਦਗਿਲ ਨੂੰ ਪਈਆਂ। ਜਲੰਧਰ ਨਗਰ ਨਿਗਮ ਦੇ ਮੇਅਰ ਦੀ ਕੁਰਸੀ ਪਿਛਲੇ ਚਾਰ ਮਹੀਨਿਆਂ ਤੋਂ ਸੁੰਨੀ ਪਈ ਹੈ।

ਜਲੰਧਰ ਦੇ ਪਿਛਲੇ ਮੇਅਰ ਸੁਨੀਲ ਜੋਤੀ ਦਾ ਕਾਰਜਕਾਲ 22 ਸਤੰਬਰ 2017 ਨੂੰ ਪੂਰਾ ਹੋ ਗਿਆ ਸੀ ਅਤੇ ਉਸ ਮਗਰੋਂ ਹੁਣ ਤੱਕ ਮੇਅਰ ਤੋਂ ਬਿਨਾਂ ਹੀ ਸ਼ਹਿਰ ਦੀ ਗੱਡੀ ਚੱਲ ਰਹੀ ਹੈ ‘ਤੇ ਹੁਣ ਜਲੰਧਰ ਸ਼ਹਿਰ ਨੂੰ ਆਪਣਾ ਨਵਾਂ ਮੇਅਰ 25 ਜਨਵਰੀ ਨੂੰ ਮਿਲ ਹੀ ਜਾਵੇਗਾ। 25 ਜਨਵਰੀ ਨੂੰ ਸਾਰੇ ਨਵੇਂ ਜਿੱਤੇ 80 ਕੌਂਸਲਰ ਸਹੁੰ ਚੁੱਕਣਗੇ ਅਤੇ ਆਪਣੇ ਨਵੇਂ ਮੇਅਰ ਦੀ ਚੋਣ ਕਰਨਗੇ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਕੀਤੀ ਜਾਵੇਗੀ।
