
ਯੇਰੂਸ਼ਲਮ- ਸੋਸ਼ਲ ਮੀਡੀਆ ਸਾਈਟਸ ਦੀਆਂ ਕੁਝ ਆਧੁਨਿਕ ਤਕਨੀਕਾਂ ਸਹੂਲਤ ਦੀ ਬਜਾਏ ਕਈ ਵਾਰ ਔਕੜ ਪੈਦਾ ਕਰ ਦਿੰਦੀਆਂ ਹਨ। ਅਜਿਹਾ ਹੀ ਹੋਇਆ ਫਿਲੀਸਤੀਨ ਦੇ ਇਕ ਸ਼ਖਸ ਨਾਲ। ਉਸ ਨੇ ਫੇਸਬੁੱਕ ਉੱਤੇ ਅਰਬੀ ਭਾਸ਼ਾ ਵਿਚ ਇਕ ਪੋਸਟ ਕੀਤੀ ਤਾਂ ਉਸ ਨੂੰ ਜੇਲ ਜਾਣਾ ਪਿਆ।
ਇਸ ਸ਼ਖਸ ਨੇ ਇਕ ਉਸਾਰੀ ਵਾਲੇ ਸਥਾਨ ਉੱਤੇ ਖੜ੍ਹੇ ਬੁਲਡੋਜ਼ਰ ਨਾਲ ਆਪਣੀ ਤਸਵੀਰ ਖਿੱਚੀ ਅਤੇ ਫੇਸਬੁੱਕ ਉੱਤੇ ਪੋਸਟ ਕਰ ਦਿੱਤੀ। ਤਸਵੀਰ ਦੇ ਨਾਲ ਉਸ ਨੇ ਅਰਬੀ ਵਿਚ ‘ਗੁੱਡ ਮਾਰਨਿੰਗ’ ਲਿਖਿਆ। ਫੇਸਬੁੱਕ ਨੇ ਹਿਬਰੂ ਭਾਸ਼ਾ ਵਿਚ ਉਸ ਦਾ ਅਨੁਵਾਦ ਕੀਤਾ, ‘ਉਨ੍ਹਾਂ ਉੱਤੇ ਹਮਲਾ ਕਰੋ’ ਅਤੇ ਅੰਗਰੇਜ਼ੀ ਵਿਚ ਅਨੁਵਾਦ ਕੀਤਾ: ‘ਉਨ੍ਹਾਂ ਦਾ ਨੁਕਸਾਨ ਕਰੋ’।
ਇਸ ਪੋਸਟ ਦਾ ਨੋਟੀਫਿਕੇਸ਼ਨ ਜਦੋਂ ਇਜ਼ਰਾਇਲੀ ਪੁਲਿਸ ਨੇ ਦੇਖਿਆ ਤਾਂ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ। ਅਖੀਰ ਜਦੋਂ ਉਸ ਸ਼ਖਸ ਨੇ ਪੁਲਸ ਨੂੰ ਪੂਰਾ ਮਾਮਲਾ ਸਮਝਾਇਆ ਤਾਂ ਉਸ ਨੂੰ ਰਿਹਾਅ ਕੀਤਾ ਗਿਆ।
ਇਕ ਸਥਾਨਕ ਮੀਡੀਆ ਰਿਪੋਰਟ ਅਨੁਸਾਰ ਇਹ ਘਟਨਾ ਪਿਛਲੇ ਹਫਤੇ ਦੀ ਹੈ। ਕੇਸ ਇਸ ਲਈ ਸ਼ੱਕੀ ਮੰਨਿਆ ਗਿਆ ਕਿ ਜਿਸ ਕੰਸਟਰਕਸ਼ਨ ਸਾਈਟ ਉੱਤੇ ਖੜ੍ਹੇ ਹੋ ਕੇ ਉਸ ਨੇ ਇਹ ਮੈਸੇਜ ਕੀਤਾ ਸੀ, ਉਹ ਯੇਰੂਸ਼ਲਮ ਦੇ ਵੈਸਟ ਬੈਂਕ ਵਿੱਚ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਲਈ ਤੁਰੰਤ ਕਦਮ ਚੁੱਕਿਆ ਕਿ ਉਨ੍ਹਾਂ ਨੂੰ ਸ਼ੱਕ ਪਿਆ ਸੀ ਕਿ ਕਿਸੇ ਅੱਤਵਾਦੀ ਹਮਲੇ ਵਿਚ ਬੁਲਡੋਜ਼ਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਘਟਨਾ ਸਾਹਮਣੇ ਆਉਣ ਪਿੱਛੋਂ ਫੇਸਬੁੱਕ ਨੇ ਮੁਆਫੀ ਮੰਗੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਆਟੋ-ਟਰਾਂਸਲੇਟ ਐਲਗੋਰਿਦਮ ਵਿਚ ਲਗਾਤਾਰ ਸੁਧਾਰ ਕਰ ਰਹੇ ਹਨ ਤੇ ਇਸ ਤਰ੍ਹਾਂ ਦੀਆਂ ਗਲਤੀਆਂ ਨੂੰ ਦੁਹਰਾਇਆ ਨਹੀਂ ਜਾਵੇਗਾ।