ਨਵੀਂ ਦਿੱਲੀ: ਪਹਿਲਾਂ ਫੋਰਟਿਸ, ਫਿਰ ਮੈਕਸ ਤੇ ਹੁਣ ਦਿੱਲੀ ਦੇ ਇੱਕ ਹੋਰ ਪ੍ਰਾਈਵੇਟ ਹਸਪਤਾਲ ਦੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਗਵਾਲੀਅਰ ਦੇ ਰਹਿਣ ਵਾਲੇ ਨੀਰਜ ਗਰਗ ਨੇ ਇਲਜ਼ਾਮ ਲਾਇਆ ਹੈ ਕਿ ਦਿੱਲੀ ਦੇ ਕਰੋਲ ਬਾਗ ਸਥਿਤ ਬੀਐਲ ਕਪੂਰ ਹਸਪਤਾਲ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਦੀ ਬੱਚੀ ਦੀ ਜਾਨ ਚਲੀ ਗਈ।
ਬੱਚੀ ਦੀ ਮੌਤ ਤੋਂ ਬਾਅਦ ਹਸਪਤਾਲ ਨੇ ਉਨ੍ਹਾਂ ਨੂੰ 19 ਲੱਖ ਰੁਪਏ ਦਾ ਬਿੱਲ ਭੇਜ ਦਿੱਤਾ। ਮਾਮਲਾ ਦਿੱਲੀ ਦੇ ਕਰੋਲ ਬਾਗ ਸਥਿਤ ਵੱਡੇ ਬੀਐਲਕੇ ਕਪੂਰ ਹਸਪਤਾਲ ਦਾ ਹੈ। ਇੱਥੇ ਨੀਰਜ ਗਰਗ ਨੇ 31 ਅਕਤੂਬਰ ਨੂੰ ਆਪਣੀ ਕੁੜੀ ਨੂੰ ਇਲਾਜ ਲਈ ਦਾਖਲ ਕਰਵਾਇਆ ਸੀ।
ਇਸ ਤੋਂ ਬਾਅਦ 11 ਨਵੰਬਰ ਨੂੰ ਹਸਪਤਾਲ ‘ਚ ਬੱਚੀ ਦਾ ਬੋਨ ਮੈਰੋ ਟ੍ਰਾਂਸਪਲਾਂਟ ਕੀਤਾ ਗਿਆ। 23 ਨਵੰਬਰ ਨੂੰ ਬੱਚੀ ਨੂੰ ਇਨਫੈਕਸ਼ਨ ਦੀ ਪ੍ਰੇਸ਼ਾਨੀ ਹੋਈ। ਨੀਰਜ ਦਾ ਇਲਜ਼ਾਮ ਹੈ ਕਿ ਬੱਚੀ ਨੂੰ ਲਗਾਤਾਰ ਬੁਖਾਰ ਸੀ ਪਰ ਹਸਪਤਾਲ ਨੇ ਧਿਆਨ ਨਾ ਦਿੱਤਾ।
ਤਬੀਅਤ ਜ਼ਿਆਦਾ ਖਰਾਬ ਹੋਣ ‘ਤੇ ਆਈਸੀਯੂ ‘ਚ ਸ਼ਿਫਟ ਕਰ ਦਿੱਤਾ। 25 ਨਵੰਬਰ ਨੂੰ ਡਾਕਟਰਾਂ ਨੇ ਕਿਹਾ ਕਿ ਹੁਣ ਬੱਚੀ ਨੂੰ ਬਚਾਇਆ ਨਹੀਂ ਜਾ ਸਕਦਾ।ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਇਸ ਘਟਨਾ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਇਨ੍ਹਾਂ ਇਲਜ਼ਾਮਾਂ ‘ਤੇ ਹਸਪਤਾਲ ਦਾ ਬਚਾਅ ਕਰ ਰਿਹਾ ਹੈ। ਇਹ ਪਹਿਲਾ ਮਾਮਲਾ ਨਹੀਂ ਹੈ। ਜਦ ਮੁਲਕ ਦੇ ਕਿਸੇ ਪ੍ਰਾਈਵੇਟ ਹਸਪਤਾਲ ‘ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਣ। ਇਸ ਤੋਂ ਪਹਿਲਾਂ ਫੋਰਟਿਸ ਹਸਪਤਾਲ ‘ਤੇ ਵੀ ਇਲਜ਼ਾਮ ਲੱਗ ਚੁੱਕੇ ਹਨ।