
ਬਠਿੰਡਾ, 1 ਮਾਰਚ (ਸੁਖਜਿੰਦਰ ਮਾਨ) : ਸਥਾਨਕ ਜੁਝਾਰ ਸਿੰਘ ਨਗਰ 'ਚ ਅਪਣੇ ਪਿਤਾ ਦੀ ਮੌਤ ਤੋਂ ਬਾਅਦ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਈਆਂ ਦੋ ਜਵਾਨ ਲੜਕੀਆਂ ਨੂੰ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਗਵਾਈ ਹੇਠ ਇਕ ਟੀਮ ਨੇ ਹਸਪਤਾਲ ਦਾਖ਼ਲ ਕਰਵਾਇਆ। ਮਾਰਕੀਟ ਕਮੇਟੀ ਸੰਗਤ ਮੰਡੀ ਤੋਂ ਸੇਵਾਮੁਕਤ ਨਿਰੰਜਣ ਸਿੰਘ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀਆਂ ਦੋ ਜਵਾਨ ਲੜਕੀਆਂ ਮਨਦੀਪ ਕੌਰ ਉਮਰ ਲਗਭਗ 34 ਸਾਲ ਅਤੇ ਦੂਸਰੀ ਲੜਕੀ ਜਿਸ ਦਾ ਨਾਮ ਹਰਪ੍ਰੀਤ ਕੌਰ ਉਮਰ ਕਰੀਬ 28 ਸਾਲ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਹੋ ਗਈਆਂ। ਉਨ੍ਹਾਂ ਅਪਣੇ ਆਪ ਨੂੰ ਘਰ ਵਿਚ ਹੀ ਕੈਦ ਕਰ ਲਿਆ। ਇਸ ਦੌਰਾਨ ਘਰ ਦੇ ਬਿਜਲੀ ਅਤੇ ਸੀਵਰੇਜ ਦੇ ਬਿੱਲ ਨਾ ਅਦਾ ਕਰਨ ਕਰ ਕੇ ਉਨ੍ਹਾਂ ਦੇ ਘਰ ਦੀ ਪਾਣੀ ਅਤੇ ਬਿਜਲੀ ਦੀ ਸਪਲਾਈ ਵੀ ਕੱਟ ਦਿਤੀ ਗਈ ਜਿਸ ਕਾਰਨ ਘਰ ਵਿਚ ਬਿਨਾਂ ਬਿਜਲੀ ਪਾਣੀ ਇਨ੍ਹਾਂ ਲੜਕੀਆਂ ਦੀ ਹਾਲਾਤ ਹੋਰ ਵੀ ਖ਼ਰਾਬ ਹੋ ਗਈ। ਬੀਤੇ ਦਿਨ ਇਨ੍ਹਾਂ ਲੜਕੀਆਂ ਬਾਰੇ ਪਤਾ ਚਲਦਿਆਂ ਹੀ ਸੇਵਾਮੁਕਤ ਬੈਂਕ ਮੈਨੇਜਰ ਗੁਰੇਤਜ ਸਿੰਘ ਵਾਸੀ ਜੁਝਾਰ ਸਿੰਘ ਨਗਰ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੋਲ ਇਸ ਦੀ ਸੂਚਨਾ ਦਿਤੀ। ਜਿਸ ਤੋਂ ਬਾਅਦ ਅਥਾਰਟੀ ਵਲੋਂ ਮਾਨਸਿਕ ਰੋਗੀਆਂ ਲਈ ਬਣੀ ਕਮੇਟੀ ਹੇਠ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਪਰਮਜੀਤ ਸਿੰਘ ਨੇ ਸਿਹਤ, ਸਮਾਜਿਕ ਸੁਰੱਖਿਆ ਤੇ ਪੁਲਿਸ ਵਿਭਾਗ ਨੂੰ ਇਕ ਵਿਸ਼ੇਸ਼ ਟੀਮ ਬਣਾ ਕੇ ਇਨ੍ਹਾਂ ਲੜਕੀਆਂ ਨੂੰ ਆਜ਼ਾਦ ਕਰਵਾਉਣ ਦੇ ਆਦੇਸ਼ ਦਿਤੇ।
ਇਨ੍ਹਾਂ ਆਦੇਸ਼ਾਂ ਤਹਿਤ ਡਾ. ਅਰੁਨ ਬਾਂਸਲ ਅਤੇ ਡਾ. ਪ੍ਰਗਤੀ ਕਾਲੜਾ ਤੇ ਪੁਲਿਸ ਵਿਭਾਗ ਦੇ ਐਸ.ਪੀ ਸੁਰਿੰਦਰਪਾਲ ਸਿੰਘ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ ਅਤੇ ਉਨ੍ਹਾਂ ਦੇ ਸਟਾਫ਼ ਦੀ ਡਿਊਟੀ ਲਗਾਈ ਗਈ। ਇਸ ਸਾਂਝੀ ਟੀਮ ਵਲੋਂ ਅੱਜ ਕਾਰਵਾਈ
ਕਰਦਿਆਂ ਲੜਕੀਆਂ ਦੇ ਘਰ ਤਕ ਪਹੁੰਚ ਕੀਤੀ ਗਈ ਪ੍ਰੰਤੂ ਕਾਫ਼ੀ ਸਮੇਂ ਤੋਂ ਸਮਾਜ ਨਾਲੋ ਕੱਟ ਇਨ੍ਹਾਂ ਲੜਕੀਆਂ ਨੇ ਘਬਰਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ। ਇਸ ਦੌਰਾਨ ਮਨੋਰੋਗੀ ਮਾਹਰ ਡਾਕਟਰਾਂ ਦੀਆਂ ਟੀਮਾਂ ਵਲੋਂ ਇਨ੍ਹਾਂ ਨੂੰ ਸਮਝਾਇਆ ਗਿਆ। ਪਤਾ ਲਗਿਆ ਕਿ ਇਹ ਲੜਕੀਆਂ ਬਹੁਤ ਹੀ ਗੰਦਗੀ ਭਰੀ ਜ਼ਿੰਦਗੀ ਜੀ ਰਹੀਆਂ ਸਨ। ਇਸ ਉਪਰੰਤ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।