
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਬੱਲੇਬਾਜ਼ੀ ਨਾਲ ਸਾਰੀ ਦੁਨੀਆ 'ਚ ਛਾਏ ਹੋਏ ਹਨ। ਭਾਵੇਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਸੰਭਵ ਨਹੀਂ ਹੋ ਪਾ ਰਿਹਾ ਹੈ, ਪਰ ਉਸ ਦੇ ਪ੍ਰਸ਼ੰਸਕ ਪਾਕਿਸਤਾਨ 'ਚ ਵੀ ਹਨ। ਫਿਰ ਭਾਵੇਂ ਉਹ ਪਾਕਿ ਦੇ ਸਟਾਰ ਕ੍ਰਿਕਟਰ ਸ਼ਾਹਿਦ ਅਫਰੀਦੀ ਹੋਵੇ, ਵਸੀਮ ਅਕਰਮ ਜਾਂ ਫਿਰ ਸ਼ੋਏਬ ਅਖਤਰ। ਵਿਰਾਟ ਕੋਹਲੀ ਨੂੰ ਪਾਕਿਸਤਾਨ 'ਚ ਹੁਣ ਇਕ ਨਵਾਂ ਪ੍ਰਸ਼ੰਸਕ ਮਿਲ ਗਿਆ ਹੈ ਅਤੇ ਉਹ ਵਿਰਾਟ ਕੋਹਲੀ ਨੂੰ ਪਾਕਿਸਤਾਨ ਸੁਪਰ ਲੀਗ 'ਚ ਆਪਣੀ ਟੀਮ 'ਚ ਖਿਡਾਉਣਾ ਚਾਹੁੰਦਾ ਹੈ।
ਜ਼ਾਹਿਰ ਹੈ ਕਿ ਵਿਰਾਟ ਕੋਹਲੀ ਜਿਸ ਵੀ ਟੀਮ ਤੋਂ ਖੇਡਣਗੇ ਉਸ ਦੀ ਬੱਲੇਬਾਜ਼ੀ ਬੇਹੱਦ ਮਜ਼ਬੂਤ ਹੋ ਜਾਵੇਗੀ। ਨਾਲ ਹੀ ਰਣਨੀਤੀ ਬਣਾਉਣ 'ਚ ਵੀ ਵਿਰਾਟ ਦੀ ਮਦਦ ਮਿਲ ਸਕੇਗੀ। ਅਜਿਹੇ 'ਚ ਭਲਾ ਉਨ੍ਹਾਂ ਨੂੰ ਕੌਣ ਨਹੀਂ ਲੈਣਾ ਚਾਹੇਗਾ। ਲੰਬੇ ਸਮੇਂ ਤੋਂ ਵਿਵਾਦਾਂ 'ਚ ਘਿਰੀ ਰਹੀ ਪਾਕਿਸਤਾਨ ਸੁਪਰ ਲੀਗ 'ਚ ਡਰਬਨ ਕਲੰਦਰਸ ਟੀਮ ਦੇ ਮਾਲਕ ਫਵਾਦ ਰਾਣਾ ਨੇ ਹਿੰਦੂਸਤਾਨ ਟਾਈਮਸ ਨਾਲ ਗੱਲਬਾਤ 'ਚ ਇਹ ਇੱਛਾ ਜ਼ਾਹਰ ਕੀਤੀ ਹੈ। ਰਾਣਾ ਨੇ ਕਿਹਾ ਕਿ ਜੇਕਰ ਭਾਰਤੀ ਕ੍ਰਿਕਟ ਬੋਰਡ ਇਹ ਇਜਾਜ਼ਤ ਦੇ ਦੇਵੇ ਤਾਂ ਉਹ ਭਾਰਤੀ ਕਪਤਾਨ ਨੂੰ ਆਪਣੀ ਟੀਮ 'ਚ ਸ਼ਾਮਿਲ ਕਰਨਾ ਚਾਹੁਣਗੇ।
ਹਾਲਾਂਕਿ ਅਜਿਹਾ ਹੋਣਾ ਸੰਭਵ ਨਹੀਂ ਹੈ ਕਿਉਂਕਿ ਬੀ.ਸੀ.ਸੀ.ਆਈ. ਨੇ ਆਈ.ਪੀ.ਐੱਲ. ਤੋਂ ਇਲਾਵਾ ਕਿਸੇ ਹੋਰ ਟੀ 20 ਲੀਗ 'ਚ ਭਾਰਤੀ ਖਿਡਾਰੀਆਂ ਦੇ ਖੇਡਣ 'ਤੇ ਬੈਨ ਲਗਾਇਆ ਹੋਇਆ ਹੈ। ਨਾਲ ਹੀ ਭਾਰਤ ਸਰਕਾਰ ਵੀ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਪਾਕਿ ਵੱਲੋਂ ਅੱਤਵਾਦ ਨੂੰ ਉਤਸ਼ਾਹਤ ਕਰਨ ਦੇ ਚਲਦੇ ਇਜਾਜ਼ਤ ਨਹੀਂ ਦੇਵੇਗੀ। ਵੈਸੇ ਬੀ.ਸੀ.ਸੀ.ਆਈ. ਨੇ ਤਾਂ ਪਾਕਿਸਤਾਨੀ ਖਿਡਾਰੀਆਂ ਦੇ ਆਈ.ਪੀ.ਐੱਲ. 'ਚ ਖੇਡਣ 'ਤੇ ਵੀ ਬੈਨ ਲਗਾਇਆ ਹੋਇਆ ਹੈ। ਹਾਲਾਂਕਿ ਸ਼ੁਰੂਆਤੀ ਆਈ.ਪੀ.ਐੱਲ. ਸੀਜ਼ਨਾਂ 'ਚ ਕਈ ਪਾਕਿਸਤਾਨੀ ਖਿਡਾਰੀਆਂ ਨੇ ਇਸ 'ਚ ਹਿੱਸਾ ਲਿਆ ਸੀ।