
ਪਤੀ ਦੀ ਮੌਤ, ਪਤਨੀ ਤੇ ਬੱਚਾ ਗੰਭੀਰ ਜ਼ਖ਼ਮੀ
ਕੋਟਕਪੂਰਾ, 14 ਮਾਰਚ (ਗੁਰਮੀਤ ਸਿੰਘ ਮੀਤਾ) : ਅੰਮ੍ਰਿਤਸਰ-ਬਠਿੰਡਾ ਰਾਸ਼ਟਰੀ ਰਾਜ ਮਾਰਗ ਨੰਬਰ 54 'ਤੇ ਕੈਦੀਆਂ ਨੂੰ ਬਠਿੰਡੇ ਤੋਂ ਜਲੰਧਰ ਲਿਜਾ ਰਹੀ ਪੁਲਿਸ ਦੀ ਗੱਡੀ ਨੇ ਮੋਟਰਸਾਈਕਲ 'ਤੇ ਜਾ ਰਹੇ ਪਰਵਾਰ ਨੂੰ ਟੱਕਰ ਮਾਰ ਦਿਤੀ, ਜਿਸ ਨਾਲ ਪਤੀ-ਪਤਨੀ ਤੇ ਬੱਚਾ ਗੰਭੀਰ ਜ਼ਖ਼ਮੀ ਹੋ ਗਏ, ਜਿਨਾਂ ਨੂੰ ਤੁਰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਪਹੁੰਚਾਇਆ ਗਿਆ, ਜਿਥੇ ਗੰਭੀਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਪਤੀ ਦੀ ਮੌਤ ਹੋ ਗਈ। ਜਦਕਿ ਪਤਨੀਤੇ ਬੱਚਾ ਗੰਭੀਰ ਹਾਲਤ 'ਚ ਜੇਰੇ ਇਲਾਜ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਦੀ ਗੱਡੀ ਕੈਦੀਆਂ ਨੂੰ ਲੈ ਕੇ ਜਲੰਧਰ ਜਾ ਰਹੀ ਸੀ ਤੇ ਜਦੋਂ ਉਹ ਕੋਟਕਪੂਰਾ ਬੀੜ ਲਿੰਕ ਸੜਕ ਦੇ ਨੇੜੇ ਪੁੱਜੀ ਤਾਂ ਅਚਾਨਕ ਬੀੜ ਸਿੱਖਾਂਵਾਲਾ ਵਲੋਂ ਆ ਰਹੇ ਮੋਟਰਸਾਈਕਲ ਨਾਲ ਟਕਰਾਅ ਗਈ। ਉਕਤ ਭਿਆਨਕ ਹਾਦਸੇ 'ਚ ਪਤੀ-ਪਤਨੀ ਤੇ ਉਨਾ ਦਾ 4 ਸਾਲ ਦਾ ਮਾਸੂਮ ਪੌਤਰਾ ਗੰਭੀਰ ਜਖਮੀ ਹੋ ਗਏ। ਉਕਤ ਹਾਦਸੇ 'ਚ ਮੋਟਰਸਾਈਕਲ ਸਵਾਰ 60 ਸਾਲਾ ਰਮੇਸ਼ ਕੁਮਾਰ ਵਾਸੀ ਚੋਪੜਾ ਬਾਗ ਕੋਟਕਪੂਰਾ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਸੀਤੋ ਅਤੇ ਮਾਸੂਮ ਪੌਤਰੇ ਅੱਚੂ ਪੁੱਤਰ ਧਰਮਾ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ। ਮਨਵਿੰਦਰਬੀਰ ਸਿੰਘ ਡੀਐਸਪੀ ਅਤੇ ਕੇ ਸੀ ਪਰਾਸ਼ਰ ਐਸਐਚਓ ਥਾਣਾ ਸਿਟੀ ਕੋਟਕਪੂਰਾ ਨੇ ਦਸਿਆ ਕਿ ਮ੍ਰਿਤਕ ਦਾ ਪਰਵਾਰ ਮਜ਼ਦੂਰੀ ਕਰਦਾ ਹੈ। ਉਨ੍ਹਾਂ ਦਸਿਆ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਵਾਸਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਪੁੱਜ ਗਈ ਹੈ, ਜਦਕਿ ਜ਼ਖ਼ਮੀ ਦਾ ਇਲਾਜ ਜਾਰੀ ਹੈ।