
ਗੁਰਦਾਸਪੁਰ - ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ਵਿਚ ਘਿਰੇ ਸਾਬਕਾ ਅਕਾਲੀ ਆਗੂ ਅਤੇ ਐੱਸ. ਜੀ. ਪੀ. ਸੀ. ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਅੱਜ ਪੁਲਿਸ ਨੇ ਗੁਰਦਾਸਪੁਰ ਅਦਾਲਤ 'ਚ ਪੇਸ਼ ਕੀਤਾ। ਜਾਣਕਾਰੀ ਮੁਤਾਬਕ ਸੁੱਚਾ ਸਿੰਘ ਲੰਗਾਹ 'ਤੇ ਜਬਰ-ਜ਼ਨਾਹ ਦੇ ਦੋਸ਼ ਲਗਾਉਣ ਵਾਲੀ ਮਹਿਲਾ ਨੇ 28 ਫਰਵਰੀ ਨੂੰ ਅਦਾਲਤ 'ਚ ਪੇਸ਼ੀ ਦੌਰਾਨ ਆਪਣੇ ਬਿਆਨ ਬਦਲ ਲਏ ਸਨ।
ਉਕਤ ਮਹਿਲਾ ਦਾ ਕਹਿਣਾ ਹੈ ਕਿ ਅਸ਼ਲੀਲ ਵੀਡੀਓ ਵਿਚ ਨਜ਼ਰ ਆਉਣ ਵਾਲੀ ਔਰਤ ਉਹ ਨਹੀਂ ਹੈ। ਇਸ ਤੋਂ ਬਾਅਦ ਗੁਰਦਾਸਪੁਰ ਦੀ ਅਦਾਲਤ ਨੇ ਸੁੱਚਾ ਸਿੰਘ ਲੰਗਾਹ ਨੂੰ ਪੇਸ਼ ਹੋਣ ਲਈ 12 ਮਾਰਚ ਦੀ ਤਾਰੀਖ ਦਿੱਤੀ ਸੀ, ਜਿਸ ਦੇ ਚੱਲਦੇ ਅੱਜ ਗੁਰਦਾਸਪੁਰ ਦੀ ਅਦਾਲਤ 'ਚ ਪੇਸ਼ ਹੋਣ ਲਈ ਪਹੁੰਚੇ ਤੇ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਸਹਿਯੋਗ 'ਚ ਪਹੁੰਚੇ।
ਦੱਸਣਯੋਗ ਹੈ ਕਿ ਵਿਜੀਲੈਂਸ ਵਿਭਾਗ ਪਠਾਨਕੋਟ ਵਿਚ ਪਿੰਡ ਸੋਹਲ ਨਿਵਾਸੀ ਤਾਇਨਾਤ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਉਸ ਨਾਲ ਸਾਲ 2009 ਤੋਂ ਉਸ ਦੀ ਮਰਜ਼ੀ ਦੇ ਵਿਰੁੱਧ ਬਲਾਤਕਾਰ ਕਰਦੇ ਆ ਰਹੇ ਹਨ। ਇਸ ਸ਼ਿਕਾਇਤ ਦੇ ਆਧਾਰ 'ਤੇ ਸਿਟੀ ਪੁਲਿਸ ਸਟੇਸ਼ਨ ਵਿਚ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਐੱਫ.ਆਈ.ਆਰ ਨੰਬਰ 168 ਮਿਤੀ 28 ਸਤੰਬਰ 2017 ਅਨੁਸਾਰ ਕੇਸ ਦਰਜ ਕੀਤੀ ਗਈ ਸੀ।
ਇਥੇ ਹੀ ਬਸ ਨਹੀਂ ਉਕਤ ਮਹਿਲਾ ਨੇ ਪੁਲਿਸ ਨੂੰ ਇਕ ਟੇਪ ਵੀ ਸੌਂਪੀ ਸੀ ਜਿਸ ਵਿਚ ਲੰਗਾਹ ਅਤੇ ਇਕ ਔਰਤ ਇਤਰਾਜ਼ਯੋਗ ਹਾਲਤ ਵਿਚ ਨਜ਼ਰ ਆ ਰਹੇ ਸਨ। ਉਸ ਸਮੇਂ ਪੀੜਤਾ ਦਾ ਕਹਿਣਾ ਸੀ ਇਹ ਟੇਪ ਉਸ ਨੇ ਇਸ ਲਈ ਤਿਆਰ ਕੀਤੀ ਸੀ ਕਿਉਂਕਿ ਲੰਗਾਹ ਉਸ ਨੂੰ ਧਮਕੀਆਂ ਦਿੰਦਾ ਸੀ।