
ਜੇ ਤੁਸੀਂ ਵੀ ਐਪਲ ਆਈਫੋਨ ਦੀ ਵਰਤੋਂ ਕਰਦੇ ਹੋ ਅਤੇ ਉਸ ਦੇ ਬੈਟਰੀ ਬੈਕਅਪ ਤੋਂ ਪ੍ਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਆਈਫੋਨ ਵਿਚ ਦੋ ਅਜਿਹੇ ਵੱਡੇ ਕਾਰਨਾਂ ਦਾ ਪਤਾ ਲਾਇਆ ਗਿਆ ਹੈ, ਜਿਸ ਕਾਰਨ ਆਈਫੋਨ ਯੂਜ਼ਰਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚੋਂ ਪਹਿਲਾ ਕਾਰਨ ਲਗਭਗ 40 ਫੀਸਦੀ ਤੱਕ ਬੈਟਰੀ ਦੇ ਬਚੇ ਹੋਣ 'ਤੇ ਫੋਨ ਦਾ ਆਪਣੇ-ਆਪ ਸਵਿੱਚ ਆਫ ਹੋਣਾ ਹੈ, ਉਥੇ ਹੀ ਦੂਜਾ ਕਾਰਨ ਪ੍ਰੋਸੈਸਰ ਦਾ ਸਲੋਅ ਕੰਮ ਕਰਨਾ ਮੰਨਿਆ ਜਾ ਰਿਹਾ ਹੈ।
ਪਿਛਲੇ ਹਫਤੇ ਯੂਜ਼ਰ ਵਲੋਂ ਆਈਫੋਨ ਦੇ ਸਹੀ ਤਰੀਕੇ ਨਾਲ ਕੰਮ ਨਾ ਕਰਨ 'ਤੇ ਕਈ ਵੈੱਬਸਾਈਟਸ 'ਤੇ ਕਿਹਾ ਜਾ ਰਿਹਾ ਸੀ ਕਿ ਇਸ ਇਸ਼ੂ ਨੂੰ ਫੋਨ ਦੀ ਬੈਟਰੀ ਬਦਲ ਕੇ ਠੀਕ ਕਰ ਸਕਦੇ ਹੋ ਪਰ ਇਸਦੇ ਲਈ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ ਸੀ। ਆਈਫੋਨ ਦੇ ਪ੍ਰੋਸੈਸਰ ਸਪੀਡ ਨੂੰ ਮਾਨੀਟਰ ਕਰਨ ਵਾਲੀ ਕੰਪਨੀ ਗੀਕਬੈਂਚ ਦੇ ਫਾਊਂਡਰ ਜਾਨ ਪੂਲ ਨੇ ਇਸ ਮੁੱਦੇ 'ਤੇ ਪ੍ਰੀਖਣ ਕੀਤਾ ਹੈ ਅਤੇ ਅਸਲ ਵਿਚ ਅਜਿਹਾ ਹੋ ਰਿਹਾ ਹੈ, ਇਸਦਾ ਪਤਾ ਲਾ ਲਿਆ ਹੈ।
ਇਕ ਹਫਤੇ ਤੋਂ ਆਈਫੋਨ ਯੂਜ਼ਰਸ ਪ੍ਰੇਸ਼ਾਨ
ਆਈਫੋਨ ਵਿਚ ਆ ਰਹੀਆਂ ਇਨ੍ਹਾਂ 2 ਸਮੱਸਿਆਵਾਂ ਨੂੰ ਲੈ ਕੇ ਇਕ ਯੂਜ਼ਰ ਨੇ ਅਮਰੀਕੀ ਵਿਚਾਰ-ਵਟਾਂਦਰਾ ਕਰਨ ਵਾਲੀ ਵੈੱਬਸਾਈਟ ਰੈਡਿਟ 'ਤੇ ਆਪਣੀ ਸਮੱਸਿਆ ਨੂੰ ਖੁੱਲ੍ਹ ਕੇ ਦੱਸਿਆ ਕਿ ਉਨ੍ਹਾਂ ਦਾ ਆਈਫੋਨ-6 40 ਫੀਸਦੀ ਤੱਕ ਬੈਟਰੀ ਹੋਣ ਦੇ ਬਾਵਜੂਦ ਸਵਿੱਚ ਆਫ ਹੋ ਰਿਹਾ ਹੈ। ਐਪਲ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਕੋਈ ਵੱਡਾ ਮੁੱਦਾ ਨਹੀਂ ਹੈ ਅਤੇ ਬੈਟਰੀ ਨੂੰ ਰਿਪਲੇਸ ਕਰਨ ਨਾਲ ਇਹ ਠੀਕ ਹੋ ਸਕਦਾ ਹੈ ਪਰ ਇਸ ਨਾਲ ਵੀ ਯੂਜ਼ਰ ਦੀ ਸਮੱਸਿਆ ਠੀਕ ਨਹੀਂ ਹੋਈ।
ਅਪਡੇਟ ਨਾਲ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਆਈਫੋਨ
ਐਪਲ ਨੇ ਇਸ ਤੋਂ ਬਾਅਦ ਵੀ ਇਸ ਇਸ਼ੂ ਨੂੰ ਠੀਕ ਕਰਨ ਲਈ ios 10.2.1 ਸਾਫਟਵੇਅਰ ਅਪਡੇਟ ਰਿਲੀਜ਼ ਕੀਤਾ ਅਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਆਈਫੋਨ-6 ਐੱਸ ਵਿਚ 80 ਫੀਸਦੀ ਤੱਕ ਸ਼ਟਡਾਊਨ ਨੂੰ ਘੱਟ ਕੀਤਾ ਜਾ ਸਕਦਾ ਹੈ, ਉਥੇ ਹੀ ਆਈਫੋਨ-6 ਵਿਚ 70 ਫੀਸਦੀ ਤੱਕ ਸ਼ਟਡਾਊਨ ਘੱਟ ਹੋਵੇਗਾ।
ਐਪਲ ਕਾਰਨ ਹੀ ਸਲੋਅ ਹੋਈ ਆਈਫੋਨ ਦੀ ਸਪੀਡ
ਰੈਡਿਟ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਈਫੋਨ ਦੀ ਸਲੋਅ ਸਪੀਡ ਐਪਲ ਕਾਰਨ ਹੀ ਹੋਈ ਹੈ। ios 10.2.1 ਅਪਡੇਟ ਵਿਚ ਆਈਫੋਨ ਦੇ ਪ੍ਰੋਫੈਸਰ ਦੀ ਮੈਕਸੀਮਮ ਕਲਾਕ ਸਪੀਡ ਨੂੰ ਘਟਾਇਆ ਗਿਆ ਹੈ। ਅਜਿਹਾ ਕਰਨ ਨਾਲ ਸਮਾਰਟਫੋਨ ਬੈਟਰੀ ਘੱਟ ਵੋਲਟੇਜ ਦੀ ਵਰਤੋਂ ਕਰਦੀ ਹੈ, ਜਿਸ ਨਾਲ ਸਮਾਰਟਫੋਨ ਦੀ ਬੈਟਰੀ ਜ਼ਿਆਦਾ ਦੇਰ ਤੱਕ ਚਲ ਜਾਂਦੀ ਹੈ ਪਰ ਇਸ ਨਾਲ ਯੂਜ਼ਰ ਨੂੰ ਸਲੋਅ ਪ੍ਰਫਾਰਮੈਂਸ ਦਾ ਸਾਹਮਣਾ ਕਰਨਾ ਪੈਂਦਾ ਹੈ।
ਗੀਕਬੈਂਚ ਦੇ ਫਾਊਂਡਰ ਨੇ ਖੁਦ ਕੀਤਾ ਟੈਸਟ
ਗੀਕਬੈਂਚ ਦੇ ਫਾਊਂਡਰ ਜਾਨ ਪੂਲ ਨੇ ਇਹ ਪਤਾ ਲਾਉਣ ਲਈ ਕਿ ਉਪਰੋਕਤ ਮੁੱਦਾ ਅਸਲ ਹੈ ਜਾਂ ਨਹੀਂ, ਖੁਦ ਆਈਫੋਨ-6 ਐੱਸ ਅਤੇ ਆਈਫੋਨ-7 'ਤੇ ਟੈਸਟ ਕੀਤਾ ਹੈ। ਆਮ ਸ਼ਬਦਾਂ ਵਿਚ ਕਹੀਏ ਤਾਂ ਯੂਜ਼ਰਸ ਵਲੋਂ ਕੀਤੇ ਗਏ ਦਾਅਵਿਆਂ ਦੀ ਪੁਸ਼ਟੀ ਹੋ ਗਈ ਹੈ। ਹਰ ਅਪਡੇਟ ਵਿਚ ਐਪਲ ਨੇ ਆਪਣੇ ਪ੍ਰੋਸੈਸਰ ਦੀ ਮੈਕਸੀਮਮ ਕਲਾਕ ਸਪੀਡ ਨੂੰ ਘੱਟ ਕੀਤਾ ਹੈ ਤਾਂ ਕਿ ਬੈਟਰੀ ਨੂੰ ਛੇਤੀ ਖਤਮ ਹੋਣ ਤੋਂ ਰੋਕਿਆ ਜਾ ਸਕੇ।
ਜਾਨ ਪੂਲ ਨੇ ਦਾਅਵਾ ਕੀਤਾ ਹੈ ਕਿ ਐਪਲ ਨੇ ਆਪਣੇ ਸਾਫਟਵੇਅਰ ਵਿਚ ਪ੍ਰੋਸੈਸਰ ਦੀ ਪ੍ਰਫਾਰਮੈਂਸ ਨੂੰ ਸਹੀ ਕਰਨ ਲਈ ਸਾਫਟਵੇਅਰ ਐਡਜਸਟਮੈਂਟ ਕੀਤੀ ਹੈ, ਜਿਸ ਨਾਲ ਪ੍ਰੋਸੈਸਰ ਨੂੰ ਪੂਰੀ ਵੋਲਟੇਜ ਨਹੀਂ ਮਿਲਦੀ ਅਤੇ ਬੈਟਰੀ ਸ਼ਟਡਾਊਨ ਹੋਣ ਤੋਂ ਬਚ ਜਾਂਦੀ ਹੈ ਪਰ ਇਸਦਾ ਅਸਰ ਫੋਨ ਦੀ ਪ੍ਰਫਾਰਮੈਂਸ 'ਤੇ ਪੈ ਰਿਹਾ ਹੈ ਅਤੇ ਆਈਫੋਨ ਸਲੋ ਕੰਮ ਕਰਨ ਲੱਗੇ ਹਨ।