
ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 2019 ਵਰਲਡ ਕੱਪ ਦੀ ਟੀਮ 'ਚ ਹੋਣਗੇ ਜਾਂ ਨਹੀਂ। ਇਹ ਅਜੇ ਤੈਅ ਨਹੀਂ ਹੈ, ਪਰ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਮੰਨਣਾ ਹੈ ਕਿ ਟੀਮ ਨੂੰ ਅਜੇ ਵੀ 'ਧੋਨੀ ਦਾ ਸਹੀ ਬਦਲ' ਲੱਭਣਾ ਹੈ। ਸਹਿਵਾਗ ਨੇ ਇਕ ਇੰਟਰਵਿਊ 'ਚ ਕਿਹਾ, ''ਮੈਨੂੰ ਨਹੀਂ ਲਗਦਾ ਕਿ ਕੋਈ ਵੀ ਖਿਡਾਰੀ ਫਿਲਹਾਲ ਧੋਨੀ ਦੀ ਜਗ੍ਹਾ ਲੈ ਸਕਦਾ ਹੈ। ਰਿਸ਼ਭ ਪੰਤ ਚੰਗੇ ਖਿਡਾਰੀ ਹਨ ਪਰ ਉਨ੍ਹਾਂ ਨੂੰ ਧੋਨੀ ਦੀ ਜਗ੍ਹਾ ਲੈਣ ਦੇ ਲਈ ਅਜੇ ਹੋਰ ਸਮਾਂ ਚਾਹੀਦਾ ਹੈ।
ਅਜਿਹਾ ਵਰਲਡ ਕੱਪ ਤੋਂ ਬਾਅਦ ਹੋ ਸਕਦਾ ਹੈ। ਸਾਨੂੰ ਧੋਨੀ ਦੇ ਬਦਲ ਦੇ ਬਾਰੇ 'ਚ 2019 ਦੇ ਬਾਅਦ ਹੀ ਸੋਚਣਾ ਚਾਹੀਦਾ ਹੈ। ਤੱਦ ਤੱਕ ਪੰਤ ਨੂੰ ਤਜਰਬਾ ਹਾਸਲ ਕਰਨਾ ਚਾਹੀਦਾ ਹੈ।'' ਸਹਿਵਾਗ ਨੇ ਕਿਹਾ ਕਿ ਪ੍ਰਸ਼ੰਸਕਾਂ ਨੂੰ ਇਹ ਦੁਆ ਕਰਨੀ ਚਾਹੀਦੀ ਹੈ ਕਿ ਧੋਨੀ ਫਿੱਟ ਰਹਿਣ। ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਹੈ ਕਿ ਉਹ ਦੌੜਾਂ ਬਣਾ ਰਹੇ ਹਨ ਜਾਂ ਨਹੀਂ। ਸਹਿਵਾਗ ਨੇ ਕਿਹਾ, ''ਧੋਨੀ ਦੌੜਾਂ ਬਣਾ ਰਹੇ ਹਨ ਜਾਂ ਨਹੀਂ ਸਾਨੂੰ ਇਹ ਚਿੰਤਾ ਨਹੀਂ ਕਰਨੀ ਚਾਹੀਦੀ ਹੈ।
ਸਾਨੂੰ ਸਿਰਫ ਇਹੋ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਧੋਨੀ 2019 ਵਰਲਡ ਕੱਪ ਤੱਕ ਫਿੱਟ ਰਹਿਣ। ਮੱਧ ਕ੍ਰਮ ਅਤੇ ਹੇਠਲੇ ਕ੍ਰਮ 'ਚ ਜੋ ਤਜਰਬਾ ਧੋਨੀ ਦੇ ਕੋਲ ਹੈ ਉਹ ਕਿਸੇ ਹੋਰ ਦੇ ਕੋਲ ਨਹੀਂ ਹੈ।'' ਉਨ੍ਹਾਂ ਕਿਹਾ ਕਿ ਧੋਨੀ ਦਾ ਕਰੀਅਰ 'ਜੀਵਨ ਚੱਕਰ' ਨੂੰ ਦਰਸਾਉਂਦਾ ਹੈ, ਜ਼ਿੰਦਗੀ ਦੀ ਤਰ੍ਹਾਂ ਖੇਡ ਦੀ ਖੂਬਸੂਰਤੀ ਇਹੋ ਹੈ ਕਿ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਹੁੰਦਾ।
ਤੁਹਾਨੂੰ ਉਸ ਤੋਂ ਜੂਝਣਾ ਪੈਂਦਾ ਹੈ, ਕਦੀ ਅਜਿਹਾ ਹੁੰਦਾ ਹੈ ਕਿ ਤੁਸੀਂ ਕਾਫੀ ਦੌੜਾਂ ਬਣਾਉਂਦੇ ਹਨ ਅਤੇ ਕਦੀ ਕਦਾਈਂ ਅਜਿਹਾ ਸਮਾਂ ਵੀ ਹੁੰਦਾ ਹੈ ਜਦੋਂ ਤੁਸੀਂ ਦੌੜਾਂ ਬਣਾਉਣ ਦੇ ਲਈ ਤਰਸ ਜਾਂਦੇ ਹੋ। ਵਪਾਰ 'ਚ ਵੀ ਅਜਿਹਾ ਹੀ ਹੁੰਦਾ ਹੈ। ਤੁਸੀਂ ਹਰ ਸਾਲ ਮੁਨਾਫਾ ਨਹੀਂ ਕਮਾਉਂਦੇ ਹੋ।