
ਪਾਇਲ, 4 ਜਨਵਰੀ (ਹਰਵਿੰਦਰ ਸਿੰਘ ਚੀਮਾ) : ਇਥੋਂ ਪੰਜ ਕਿਲੋਮੀਟਰ ਦੂਰ ਜਰਗੜੀ ਅਤੇ ਜੰਡਾਲੀ ਪਿੰਡ ਵਿਚਕਾਰ ਸਕੂਲ ਬੱਸ ਦੇ ਦਰੱਖ਼ਤ ਨਾਲ ਟਕਰਾ ਜਾਣ ਕਰ ਕੇ ਬੱਸ ਦੇ ਡਰਾਈਵਰ ਸਮੇਤ 10 ਦੇ ਕਰੀਬ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਇਕੱਤਰ ਜਾਣਕਾਰੀ ਅਨੁਸਾਰ ਦਸ਼ਮੇਸ ਕਾਨ ਸੀਨੀਅਰ ਸੈਕੰਡਰੀ ਸਕੂਲ ਜਲਾਜਣ ਦੀ ਬੱਸ ਪੀ.ਬੀ 10 ਏ.ਈ 9883 ਸਕੂਲ ਤੋਂ ਛੁੱਟੀ ਹੋਣ ਉਪਰੰਤ ਬੱਚਿਆਂ ਨੂੰ ਘਰ ਛੱਡਣ ਲਈ ਆ ਰਹੀ ਸੀ ਤਾਂ ਵੱਖ ਵੱਖ ਪਿੰਡਾਂ ਤੋਂ ਹੁੰਦੀ ਹੋਈ ਜਦੋਂ ਉਹ ਜਰਗੜੀ ਤੋਂ ਜੰਡਾਲੀ ਪਿੰਡ ਨੂੰ ਜਾ ਰਹੀ ਸੀ ਤਾਂ ਅਚਾਨਕ ਬੇਕਾਬੂ ਹੋ ਕੇ ਅਪਣੀ ਸਾਈਡ ਦੇ ਦੂਜੇ ਪਾਸੇ ਜਾ ਕੇ ਖੜ੍ਹੇ ਦਰਖ਼ੱਤ ਵਿਚ ਜ਼ੋਰ ਨਾਲ ਵੱਜੀ। ਹਾਦਸੇ ਦੀ ਆਵਾਜ਼ ਸੁਣ ਕੇ ਲਾਗਲੇ ਖੇਤਾਂ ਵਿਚ ਕੰਮ ਕਰਦੇ ਕਿਸਾਨ ਤੇਜ਼ੀ ਨਾਲ ਦੁਰਘਟਨਾ ਵਾਲੇ ਸਥਾਨ ਵਲ ਨੂੰ ਭੱਜੇ। ਉਨ੍ਹਾਂ ਹਾਦਸੇ ਦੀ ਸੂਚਨਾ ਅਪਣੇ ਪਿੰਡ ਜਰਗੜੀ ਵਿਖੇ ਦਿਤੀ ਤਾਂ ਪਿੰਡ ਦੇ ਲੋਕ ਵੱਖ ਵੱਖ ਸਾਧਨਾਂ ਰਾਹੀ ਕੁੱਝ ਮਿੰਟਾਂ ਵਿਚ ਘਟਨਾ ਸਥਾਨ 'ਤੇ ਪਹੁੰਚ ਗਏ। ਰਵਨੀਤ ਸਿੰਘ ਰਵੀ ਜਰਗੜੀ ਨੇ ਦਸਿਆ ਕਿ ਜਦੋਂ ਉਹ ਅਪਣੇ ਸਾਥੀਆਂ ਸਮੇਤ ਖੇਤਾਂ ਵਿਚੋਂ ਭੱਜਿਆ ਆ ਰਿਹਾ ਸੀ ਤਾਂ ਬੱਸ ਦੇ ਬਾਹਰ ਖੜ੍ਹੀ 13 ਸਾਲ ਦੀ ਸਕੂਲੀ ਵਿਦਿਆਰਥਣ ਉੱਚੀ ਉੱਚੀ ਆਵਾਜ਼ ਵਿਚ ਜਲਦੀ ਪਹੁੰਚਣ ਲਈ ਚੀਕਾਂ ਮਾਰ ਕੇ ਬੁਲਾ ਰਹੀ ਸੀ।
ਘਟਨਾ ਵਾਲੀ ਥਾਂ ਤੇ ਰਾਹਗੀਰਾਂ ਦੀਆਂ ਗੱਡੀਆਂ ਦੀਆਂ ਲਾਈਨ ਲੱਗ ਗਈ ਤੇ ਉਨ੍ਹਾਂ ਸਾਡੀ ਸਹਾਇਤਾ ਕਰ ਕੇ ਜ਼ਖ਼ਮੀ ਬੱਚਿਆਂ ਨੂੰ ਬਾਹਰ ਕਢਵਾ ਕੇ ਅਪਣੀਆਂ ਕਾਰਾਂ ਵਿਚ ਪਾ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਸਕੂਲ ਬੱਸ ਵਿਚ 12 ਦੇ ਕਰੀਬ ਬੱਚੇ ਸਕੂਲ ਦੀ ਪਿੰ੍ਰਸੀਪਲ ਰਾਜਵੰਤ ਕੌਰ ਸਮੇਤ ਸਵਾਰ ਸਨ। ਹਾਦਸਾ ਗ੍ਰਸਤ ਸਕੂਲ ਬੱਸ ਦੇ ਵਿਚ ਕੋਈ ਵੀ ਮੁੱਢਲੀ ਸਹਾਇਤਾ ਡੱਬਾ ਨਹੀਂ ਲੱਗਿਆ ਹੋਇਆ ਸੀ ਤੇ ਅਤੇ ਬੱਸ ਦੇ ਪਿਛਲੇ ਪਾਸੇ ਸਕੂਲ ਦਾ ਕੋਈ ਵੀ ਸੰਪਰਕ ਨੰਬਰ ਨਹੀਂ ਲੱਗਿਆ ਹੋਇਆ ਸੀ। ਮੱਦਦਗਾਰਾਂ ਨੇ ਸਕੂਲ ਦੇ ਬੱਚਿਆਂ ਦੇ ਸ਼ਨਾਖਤੀ ਕਾਰਡਾਂ ਤੋਂ ਉਨ੍ਹਾਂ ਦੇ ਘਰਾਂ ਦੇ ਨੰਬਰ ਕੱਢ ਕੇ ਬੜੀ ਮੁਸ਼ਕਲ ਨਾਲ ਘਰਦਿਆਂ ਨੂੰ ਸੂਚਿਤ ਕੀਤਾ।
ਅਵੀਜੀਤ ਸਿੰਘ ਜੰਡਾਲੀ ਦੇ ਮੱਥੇ ਅਤੇ ਅੱਖ ਉਪਰ ਜ਼ਿਆਦਾ ਸੱਟ ਲੱਗਣ ਕਰ ਕੇ ਨਿੱਜੀ ਹਸਪਤਾਲ ਦੋਰਾਹਾ ਵਿਖੇ ਲਗਾਇਆ ਗਿਆ, ਜਿਸਨੂੰ ਬਾਅਦ ਵਿਚ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਵਿਖੇ ਭੇਜ ਦਿਤਾ ਗਿਆ। ਇਸੇ ਤਰ੍ਹਾਂ ਪ੍ਰਭਜੋਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਭਾਡੇਵਾਲ ਦੇ ਸਿਰ ਵਿਚ ਸੱਟ ਲੱਗ ਜਾਣ ਕਰ ਕੇ ਦੀਪ ਹਸਪਤਾਲ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ ।