
ਨਿਊਯਾਰਕ— ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਡੋਪਿੰਗ ਦੇ ਕਾਰਨ 15 ਮਹੀਨਿਆਂ ਦੀ ਪਾਬੰਦੀ ਦੇ ਬਾਅਦ ਗ੍ਰੈਂਡਸਲੈਮ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਅਮਰੀਕੀ ਓਪਨ ਦੇ ਦੂਜੇ ਦੌਰ 'ਚ ਦੂਜਾ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਨੂੰ ਹਰਾਇਆ। ਸ਼ਾਰਾਪੋਵਾ ਨੇ ਹਾਲੇਪ ਨੂੰ 6-4, 4-6, 6-3 ਨਾਲ ਹਰਾਇਆ। ਸ਼ਾਰਾਪੋਵਾ ਨੂੰ ਪਿਛਲੇ ਸਾਲ ਆਸਟਰੇਲੀਆਈ ਓਪਨ ਦੇ ਦੌਰਾਨ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ।
ਪਿਛਲੇ ਸਾਲ ਆਸਟਰੇਲੀਅਨ ਓਪਨ ਦੇ ਕੁਆਰਟਰਫਾਈਨਲ 'ਚ ਸੇਰੇਨਾ ਵਿਲੀਅਮਸ ਤੋਂ ਹਾਰਨ ਦੇ ਬਾਅਦ ਉਸਦਾ ਇਹ ਪਹਿਲਾ ਗ੍ਰੈਂਡਸਲੈਮ ਮੈਚ ਸੀ। ਹੁਣ ਉਸ ਦਾ ਸਾਹਮਣਾ ਹੰਗਰੀ ਦੀ ਟੀਮੀਆ ਬਾਬੋਸ ਨਾਲ ਹੋਵੇਗਾ। ਹੋਰਨਾਂ ਮੁਕਾਬਲਿਆਂ 'ਚ ਵਿੰਬਲਡਨ ਚੈਂਪੀਅਨ ਸਪੇਨ ਦੀ ਗਰਬਾਈਨ ਮੁਗੁਰੂਜ਼ਾ ਨੇ ਅਮਰੀਕਾ ਦੀ ਵਾਰਵਰਾ ਲੇਪਚੇਂਕੋ ਨੂੰ 6-0, 6-3 ਨਾਲ ਹਰਾਇਆ। ਜਦਕਿ ਬ੍ਰਿਟੇਨ ਦੀ ਸਤਵਾਂ ਦਰਜਾ ਪ੍ਰਾਪਤ ਜੋਹਾਨਾ ਕੋਂਟਾ ਨੂੰ ਸਰਬੀਆ ਦੀ 78ਵੀਂ ਰੈਂਕਿੰਗ ਵਾਲੀ ਅਲੈਕਜ਼ੈਂਡਰ ਕਰੂਨਿਚ ਨੇ 4-6, 6-3, 6-4 ਨਾਲ ਹਰਾਇਆ।
ਕ੍ਰੋਏਸ਼ੀਆ ਦੀ ਪੰਜਵਾਂ ਦਰਜਾ ਪ੍ਰਾਪਤ ਮਾਰਿਨ ਸਿਲਿਚ ਨੇ ਅਮਰੀਕਾ ਦੀ ਟੇਨਿਸ ਸੈਂਡਗ੍ਰੇਨ ਨੂੰ 6-4, 6-3, 3-6, 6-3 ਨਾਲ ਹਰਾਇਆ। 7 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਵੀਨਸ ਵਿਲੀਅਮਸਨ ਨੇ ਸਲੋਵਾਕੀਆ ਦੀ 135ਵੀਂ ਰੈਂਕਿੰਗ ਵਾਲੀ ਵਿਕਟੋਰੀਆ ਕੁਜਮੋਵਾ ਨੂੰ 6-3, 3-6, 6-2 ਨਾਲ ਹਰਾਇਆ।