
ਮੋਹਾਲੀ : ਐੱਸ. ਟੀ. ਐੱਫ. ਮੋਹਾਲੀ ਦੇ ਐੱਸ. ਪੀ. ਰਜਿੰਦਰ ਸਿੰਘ ਸੋਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਨਸ਼ਾ ਸਮੱਗਲਿੰਗ ਦੇ ਦੋਸ਼ ਹੇਠ ਗ੍ਰਿਫਤਾਰ ਕੀਤੀ ਗਈ ਮੁਲਜ਼ਮ ਸਵੀਟੀ ਪਤਨੀ ਬਲਦੇਵ ਸਿੰਘ ਵਾਸੀ ਸਾਲੀਮਾਰ ਕਾਲੋਨੀ ਅੰਬਾਲਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਉਸ ਦਾ ਐੱਸ. ਬੀ. ਆਈ. ਬੈਂਕ ਬਰਾਂਚ ਐੱਸ. ਏ. ਜੈਨ ਕਾਲਜ ਅੰਬਾਲਾ ਦਾ ਲਾਕਰ ਮਾਣਯੋਗ ਅਦਾਲਤ ਦੀ ਇਜਾਜ਼ਤ ਨਾਲ ਖੁੱਲ੍ਹਵਾਇਆ ਗਿਆ, ਜਿਸ ਨੂੰ ਦੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ।
ਉਨ੍ਹਾਂ ਦੱਸਿਆ ਕਿ ਸਵੀਟੀ ਦੇ ਲਾਕਰ ਵਿਚੋਂ 116.7 ਗ੍ਰਾਮ ਅਫੀਮ, 1 ਲੱਖ 91 ਹਜ਼ਾਰ, 331 ਰੁਪਏ ਤੇ 707.47 ਗ੍ਰਾਮ ਸੋਨੇ ਦੇ ਗਹਿਣੇ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 21 ਲੱਖ ਰੁਪਏ ਹੈ, ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮੁਲਜ਼ਮ ਵਲੋਂ ਖਰੀਦੀਆਂ ਗਈਆਂ ਜਾਇਦਾਦਾਂ ਦੀਆਂ ਰਜਿਸਟਰੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਐੱਸ. ਪੀ. ਸੋਹਲ ਨੇ ਦੱਸਿਆ ਕਿ ਐੱਸ. ਟੀ. ਐੱਫ. ਮੋਹਾਲੀ ਦੀ ਟੀਮ ਨੇ ਮੁਕੱਦਮਾ ਦਰਜ ਕੀਤਾ ਸੀ, ਜਿਸ ਵਿਚ ਸਵੀਟੀ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਬਲਦੇਵ ਸਿੰਘ, ਮਨੋਜ ਕੁਮਾਰ ਉਰਫ ਮਾਮੂ ਤੇ ਸਿਮਰਨ ਕੌਰ ਉਰਫ ਇੰਦੁ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਮੁਲਜ਼ਮ ਸਵੀਟੀ ਤੋਂ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਦਾ ਘਰਵਾਲਾ ਮੁਲਜ਼ਮ ਬਲਦੇਵ ਸਿੰਘ ਅਫੀਮ ਦਾ ਧੰਦਾ ਕਰਦਾ ਸੀ, ਜਿਸ ਨੇ ਨਸ਼ਾ ਸਮੱਗਲਿੰਗ ਦੇ ਪੈਸੇ ਨਾਲ ਕਾਫੀ ਜਾਇਦਾਦ ਖਰੀਦੀ ਹੈ ਤੇ ਉਸ 'ਤੇ ਐੱਨ. ਡੀ. ਪੀ. ਐੱਸ. ਐਕਟ ਦੇ ਕਈ ਕੇਸ ਦਰਜ ਹਨ। ਬਲਦੇਵ ਸਿੰਘ ਜੇਲ ਵਿਚ ਬੈਠਾ ਹੀ ਆਪਣੀ ਘਰਵਾਲੀ ਤੋਂ ਨਸ਼ੇ ਦਾ ਕਾਰੋਬਾਰ ਕਰਵਾ ਰਿਹਾ ਸੀ।