ਚੰਡੀਗੜ੍ਹ, 3 ਜਨਵਰੀ (ਨੀਲ ਭਲਿੰਦਰ ਸਿੰਘ) : ਸੌਦਾ ਸਾਧ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਅਤੇ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਹਰਮਿੰਦਰ ਸਿੰਘ ਜੱਸੀ ਪੰਚਕੂਲਾ ਪੁਲਿਸ ਜਾਂਚ ਵਿਚ ਸ਼ਾਮਲ ਹੋਣ ਲਈ ਅੱਜ ਪੰਚਕੂਲਾ ਪਹੁੰਚੇ। ਸਾਧ ਨੂੰ ਬਲਾਤਕਾਰ ਦੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਬੀਤੀ 25 ਅਗੱਸਤ ਨੂੰ ਹੋਈ ਹਿੰਸਾ ਦੀ ਜਾਂਚ ਕਰਨ ਲਈ ਬਣਾਈ ਗਈ ਐਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) ਦੇ ਮੁਖੀ ਨੇ ਜੱਸੀ ਤੋਂ ਪੰਚਕੂਲਾ ਦੇ ਸੈਕਟਰ 20 ਥਾਣੇ ਵਿਚ ਕਈ ਘੰਟੇ ਪੁੱਛਗਿੱਛ ਕੀਤੀ ਹੈ। ਪੰਚਕੂਲਾ ਪੁਲਿਸ ਦੇ ਕਮਿਸ਼ਨਰ ਏ.ਐਸ. ਚਾਵਲਾ ਨੇ ਇਸ ਬਾਰੇ 'ਰੋਜ਼ਾਨਾ ਸਪੋਕਸਮੈਨ' ਵਲੋਂ ਪੁੱਛੇ ਜਾਣ ਉਤੇ ਪੁਸ਼ਟੀ ਕੀਤੀ ਕਿ ਜੱਸੀ ਕੋਲੋਂ ਉਕਤ ਮਾਮਲੇ ਤਹਿਤ ਕਈ ਸਵਾਲ ਪੁੱਛੇ ਗਏ ਹਨ। ਜੱਸੀ ਵਲੋਂ ਦਿਤੇ ਗਏ ਜਵਾਬਾਂ ਨੂੰ ਪੁਲਿਸ ਪਹਿਲਾਂ ਕ੍ਰਾਸ ਚੈੱਕ ਕਰਨ ਜਾ ਰਹੀ ਹੈ। ਜੱਸੀ ਕੋਲੋਂ ਮੁੜ ਪੁੱਛਗਿੱਛ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਪੁੱਛਗਿੱਛ ਦੇ ਵੇਰਵਿਆਂ ਬਾਰੇ ਹਾਲ ਦੀ ਘੜੀ ਕੁੱਝ ਦੱਸਣ ਤੋਂ ਇਨਕਾਰ ਕੀਤਾ ਹੈ।

ਸੂਤਰਾਂ ਮੁਤਾਬਕ ਜੱਸੀ ਉਤੇ ਹਿੰਸਾ ਵਾਲੇ ਦਿਨ ਪੰਚਕੂਲਾ ਵਿਚ ਮੌਜੂਦ ਰਹਿਣ, ਹਨੀਪ੍ਰੀਤ ਦੇ ਭਗੌੜੇ ਹੋਣ ਦੌਰਾਨ ਉਸ ਦੀ ਮਦਦ ਕਰਨ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਰਸੂਖ ਨਾਲ ਪੁਲਿਸ ਸਹਾਇਤਾ ਪ੍ਰਦਾਨ ਕਰਵਾਉਣ ਦੇ ਦੋਸ਼ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭਗੌੜੇ ਹੋਣ ਦੌਰਾਨ ਹਨੀਪ੍ਰੀਤ ਪੰਜਾਬ ਅਤੇ ਸੌਦਾ ਸਾਧ ਦੇ ਰਾਜਸਥਾਨ ਵਿਚਲੇ ਜੱਦੀ ਪਿੰਡ ਗੁਰੂਸਰ ਮੋਡੀਆ 'ਚ ਰਹੀ ਹੋਣ ਦੇ ਦੋਸ਼ ਹਨ। ਹਰਿਆਣਾ ਪੁਲਿਸ ਨੇ ਇਸ ਬਾਰੇ ਜੱਸੀ ਕੋਲੋਂ ਅੱਜ ਸਵਾਲ ਤਾਂ ਪੁੱਛੇ ਦੱਸੇ ਜਾ ਰਹੇ ਹਨ ਸਗੋਂ ਜੱਸੀ ਦੇ ਫੋਨ ਦੀ ਲੋਕੇਸ਼ਨਾਂ ਵੀ ਟਰੇਸ ਕੀਤੀਆਂ ਗਈਆਂ ਹਨ।ਦਸਣਯੋਗ ਹੈ ਕਿ ਡੇਰਾ ਮੁਖੀ ਦੇ ਕੁੜਮ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਕੋਲੋਂ ਪੁੱਛਗਿੱਛ ਹਿਤ ਪਹਿਲਾਂ 30 ਦਸੰਬਰ (2017) ਵਾਸਤੇ ਸੰਮਨ ਘੱਲੇ ਗਏ ਸਨ। ਪਰ ਬਾਅਦ ਵਿਚ ਜੱਸੀ ਨੇ ਨਿਜੀ ਰੁਝੇਵਿਆਂ ਕਾਰਨ ਤਰੀਕ ਟਾਲਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਸਵੀਕਾਰ ਕਰ ਜੱਸੀ ਨੂੰ ਅੱਜ ਤਿੰਨ ਜਨਵਰੀ ਨੂੰ ਪੰਚਕੁਲਾ ਪੇਸ਼ ਹੋਣ ਦੀ ਤਾਕੀਦ ਕੀਤੀ ਗਈ ਸੀ।
end-of