
ਪੰਚਾਇਤੀ ਜ਼ਮੀਨ ਤੇ ਬਣਿਆ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦਾ ਵਾਟਰ ਵਰਕਸ ਵਿਭਾਗ ਵੱਲੋਂ ਅੱਖਾਂ ਫੇਰ ਲੈਣ ਕਾਰਨ ਗੰਦਗੀ ਦਾ ਅੱਡਾ ਬਣ ਚੁੱਕਾ ਹੈ। ਵਿਭਾਗ ਦੇ ਅਧਿਕਾਰੀ ਲੋਕਾਂ ਨੂੰ ਪੀਣ ਵਾਲਾ ਪਾਣੀ ਦੇਣ ਬਦਲੇ ਪੈਸੇ ਤਾਂ ਇੱਕਤਰ ਕਰ ਰਹੇ ਹਨ ਪਰ ਇਸਦੀ ਸਾਂਭ ਸੰਭਾਲ ਲਈ ਪੰਚਾਇਤ ਨੂੰ ਜਿੰਮੇਵਾਰ ਠਹਿਰਾ ਕੇ ਪੱਲਾ ਝਾੜ ਰਹੇ ਹਨ। ਪਿੰਡ ਦੀ ਸਾਢੇ ਸੱਤ ਏਕੜ ਪੰਚਾਇਤੀ ਜ਼ਮੀਨ ਤੇ ਬਣਿਆ ਵਾਟਰ ਵਰਕਸ ਸਰਕਾਰੀ ਸੰਬੰਧਿਤ ਵਿਭਾਗ ਦੀ ਅਣਦੇਖੀ ਕਾਰਨ ਵਾਟਰ ਵਰਕਸ ਵਿੱਚ ਪਾਣੀ ਸਟੋਰ ਕਰਨ ਲਈ ਬਣਾਈਆਂ ਟੈਂਕੀਆਂ ਵਿੱਚ ਭਰੀ ਗੰਦਗੀ ਅਤੇ ਉੱਗਿਆ ਘਾਹ ਫੂਸ ਦੇਖ ਕੇ ਜਾਪਦਾ ਨਹੀ ਕਿ ਇਹ ਵਾਟਰ ਵਰਕਸ ਹੈ।
ਸਗੋਂ ਕੋਈ ਜੰਗਲ ਦਾ ਹਿੱਸਾ ਜਾਪਦਾ ਹੈ। ਪਿੰਡ ਵਾਸੀ ਮਲਕੀਤ ਸਿੰਘ ਨੇ ਕਿਹਾ ਕਿ ਵਾਟਰ ਵਰਕਸ ਦੀ ਹਾਲਤ ਬਹੁਤ ਮਾੜੀ ਹੈ ਤੇ ਨੱਬੇ ਫੀਸਦੀ ਇਲਾਕੇ ਵਿੱਚ ਪਾਣੀ ਨਹੀਂ ਆ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਸੈਂਪਲ ਭਰੇ ਜਾਣ ਤਾਂ ਸਭ ਦੀ ਰਿਪੋਰਟ ਫੇਲ ਆਵੇਗੀ। ਕੌਰ ਸਿੰਘ ਨੇ ਦੱਸਿਆ ਕਿ ਜਮੀਨ ਦੇਣ ਦੇ ਬਾਵਜੂਦ ਸਾਡੇ ਪਿੰਡ ਨੂੰ ਵਾਟਰ ਵਰਕਸ ਦਾ ਕੋਈ ਲਾਭ ਨਹੀਂ ਮਿਲ ਰਿਹਾ ਹੈ।
ਉਹਨਾਂ ਕਿਹਾ ਕਿ ਪਿਛਲੇ ਅੱਠ ਦਸ ਸਾਲ ਤੋਂ ਪਾਣੀ ਦੀ ਸਮੱਸਿਆ ਗੰਭੀਰ ਹੈ ਤੇ ਟੈਂਕੀਆਂ ਵਿੱਚ ਗੰਦਗੀ ਭਰੀ ਹੋਈ ਹੈ।ਪਿੰਡ ਵਿੱਚ ਸਵੱਛਤਾ ਮੁਹਿੰਮ ਦੀ ਸੁਰੂਆਤ ਕਰਨ ਪਹੁੰਚੇ ਡਿਪਟੀ ਕੋਲ ਪਿੰਡ ਵਾਸੀਆਂ ਨੇ ਪਾਣੀ ਦਾ ਮਸਲਾ ਉਠਾਇਆ ਤਾਂ ਉਹਨਾਂ ਵਾਟਰ ਵਰਕਸ ਦਾ ਮੌਕਾ ਦੇਖਿਆਂ ਤੇ ਮੌਜੂਦ ਅਧਿਕਾਰੀਆਂ ਨੂੰ ਬਦਹਾਲ ਵਾਟਰ ਵਰਕਸ ਦੀ ਹਾਲਤ ਵਿੱਚ ਸੁਧਾਰ ਕਰਨ ਬਾਰੇ ਕਿਹਾ।
ਜਦੋਂ ਕਿ ਆਮ ਲੋਕਾਂ ਨੂੰ ਪੀਣ ਵਾਲਾ ਪਾਣੀ ਦੇਣ ਬਦਲੇ ਉਹਨਾਂ ਤੋਂ ਬਿਲ ਵਸੂਲਣ ਵਾਲਾ ਵਾਟਰ ਵਰਕਸ ਮਹਿਕਮਾ ਵਾਟਰ ਵਰਕਸ ਦੀ ਹਾਲਤ ਮਾੜੀ ਹੋਣ ਦੀ ਗੱਲ ਤਾਂ ਮੰਨਦਾ ਹੈ। ਪਰ ਇਸ ਲਈ ਆਪਣੀ ਜਿੰਮੇਵਾਰੀ ਤੋਂ ਮੂੰਹ ਮੋੜ ਕੇ ਇਸ ਲਈ ਪੰਚਾਇਤ ਨੂੰ ਜਿੰਮੇਵਾਰ ਵੀ ਠਹਿਰਾ ਰਿਹਾ ਹੈ। ਵਿਭਾਗ ਦੇ ਐਕਸੀਅਨ ਪਵਨ ਗੋਇਲ ਨੇ ਦੱਸਿਆ ਕਿ ਪੰਚਾਇਤ ਨੁੰ ਕਈ ਵਾਰੀ ਕਿਹਾ ਹੈ ਕਿ ਇਸਦੀ ਸਾਫ ਸਫਾਈ ਕਰਵਾਈ ਜਾਵੇ ਪਰੰਤੂ ਪੰਚਾਇਤ ਕੁੱਝ ਵੀ ਨਹੀਂ ਕਰਦੀ।