
ਨਵੀਂ ਦਿੱਲੀ : ਨੀਤੀ ਆਯੋਗ ਵਲੋਂ ਜਾਰੀ ਕੀਤੇ ਗਏ ਸਿਹਤ ਸੂਚਕ ਅੰਕ 'ਚ ਪੰਜਾਬ ਦਾ ਨਾਂਅ ਕੇਰਲ ਅਤੇ ਤਾਮਿਲਨਾਡੂ ਨਾਲ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਚੋਟੀ ਦੇ ਤਿੰਨ ਰਾਜਾਂ 'ਚ ਸ਼ਾਮਿਲ ਹੈ। ਵੱਖਰੀ ਤਰ੍ਹਾਂ ਦੇ ਕੀਤੇ ਗਏ ਅਧਿਐਨ ਨਾਲ ਤਿਆਰ ਕੀਤੀ ਇਸ ਰਿਪੋਰਟ 'ਚ ਰਾਜਾਂ ਨੂੰ ਤਿੰਨ ਆਧਾਰਾਂ 'ਤੇ ਵੰਡਿਆ ਗਿਆ ਹੈ, ਵੱਡੇ, ਛੋਟੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼। ਜਿਸ 'ਚ ਪੰਜਾਬ ਦਾ ਨਾਂਅ ਵੱਡੇ ਰਾਜਾਂ ਦੀ ਸੂਚੀ 'ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਤਿੰਨਾਂ ਰਾਜਾਂ 'ਚ ਸ਼ਾਮਿਲ ਹੈ।
ਨੀਤੀ ਆਯੋਗ ਵਲੋਂ ਜਾਰੀ ਕੀਤਾ ਗਿਆ ਇਹ ਸੂਚਕ ਅੰਕ ਨਵਜਾਤ ਬੱਚਿਆਂ ਦੀ ਮੌਤ ਦਰ, ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਰ, ਸੰਪੂਰਨ ਟੀਕਾਕਰਨ ਅਤੇ 'ਐਚ. ਆਈ. ਟੀ. ਦੇ ਨਾਲ ਜੀਅ ਰਹੇ ਲੋਕਾਂ ਦੇ ਅੰਕੜਿਆਂ ਦੇ ਆਧਾਰ 'ਤੇ ਜਾਰੀ ਕੀਤਾ ਗਿਆ। ਸਿਹਤਮੰਦ ਸੂਬਾ, ਪ੍ਰਗਤੀਸ਼ੀਲ ਭਾਰਤ' ਨਾਂਅ ਦੀ ਇਸ ਰਿਪੋਰਟ 'ਚ ਝਾਰਖੰਡ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਦੇਸ਼ ਦੇ ਵੱਡੇ ਰਾਜਾਂ ਦੇ ਅਜਿਹੇ ਤਿੰਨ ਰਾਜਾਂ ਵਜੋਂ ਉੱਭਰੇ ਹਨ, ਜਿਨ੍ਹਾਂ ਨੇ ਸਿਹਤ ਸੂਚਕਾਂ ਦੇ ਆਧਾਰ 'ਤੇ ਆਪਣੇ ਸਾਲਾਨਾ ਪ੍ਰਦਰਸ਼ਨ 'ਚ ਸੁਧਾਰ ਕੀਤਾ ਹੈ।
ਛੋਟੇ ਰਾਜਾਂ 'ਚ ਸੰਪੂਰਨ ਪ੍ਰਦਰਸ਼ਨ ਦੇ ਆਧਾਰ 'ਤੇ ਮਿਜ਼ੋਰਮ ਨੂੰ ਪਹਿਲਾ, ਜਦਕਿ ਮਨੀਪੁਰ ਨੂੰ ਦੂਜਾ ਸਥਾਨ ਹਾਸਲ ਹੋਇਆ ਹੈ। ਕਾਰਗੁਜ਼ਾਰੀ 'ਚ ਸਾਲਾਨਾ ਆਧਾਰ 'ਤੇ ਪ੍ਰਦਰਸ਼ਨ 'ਚ ਬਿਹਤਰੀ ਲਈ ਮਨੀਪੁਰ ਪਹਿਲੇ ਸਥਾਨ 'ਤੇ, ਜਦਕਿ ਗੋਆ ਦੂਜੇ ਸਥਾਨ 'ਤੇ ਆਇਆ।
ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚੋਂ ਲਕਸ਼ਦੀਪ ਨੂੰ ਸੰਪੂਰਨ ਕਾਰਗੁਜ਼ਾਰੀ ਅਤੇ ਸਾਲਾਨਾ ਆਧਾਰ 'ਤੇ ਪ੍ਰਦਰਸ਼ਨ ਲਈ ਪਹਿਲਾ ਸਥਾਨ ਹਾਸਲ ਹੋਇਆ ਹੈ। ਰਿਪੋਰਟ ਜਾਰੀ ਕਰਦਿਆਂ ਨੀਤੀ ਆਯੋਗ ਦੇ ਸੀ. ਈ. ਓ. ਅਮਿਤਾਭ ਕਾਂਤ ਨੇ ਸਿਹਤ ਖੇਤਰ ਨੂੰ ਅਣਗੌਲਿਆ ਖੇਤਰ ਕਰਾਰ ਦਿੰਦਿਆਂ ਕਿਹਾ ਕਿ ਹਰ ਸੂਬੇ ਨੂੰ ਆਪਣੇ ਪ੍ਰਦਰਸ਼ਨ 'ਚ ਸੁਧਾਰ ਲਿਆਉਣ ਦੀ ਲੋੜ ਹੈ।