
ਸ਼ਨੀਵਾਰ ਦੀ ਰਾਤ ਦੁਬਈ 'ਚ ਦੁਨੀਆਂ ਨੂੰ ਅਲਵਿਦਾ ਕਰ ਗਈ ਬਾਲੀਵੁੱਡ ਦੀ ਸੁਪਰ ਸਟਾਰ ਅਦਾਕਾਰਾ ਸ਼੍ਰੀ ਦੇਵੀ ਦੀ ਮ੍ਰਿਤਕ ਦੇਹ ਆਖਿਰਕਾਰ ਮੁੰਬਈ ਉਹਨਾਂ ਦੇ ਘਰ ਪੁੱਜ ਗਈ। ਜਿਸ ਤੋਂ ਬਾਅਦ ਉਹਨਾਂ ਦੀਆਂ ਦੋ ਬੇਟੀਆਂ ਜਾਹਨਵੀ ਅਤੇ ਖੁਸ਼ੀ ਅਨਿਲ ਕਪੂਰ ਦੇ ਘਰ ਤੋਂ ਆਪਣੇ ਘਰ ਪੁੱਜੀਆਂ।
ਇਸ ਦੇ ਨਾਲ ਹੀ ਅੱਜ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ, ਅਨਿਲ ਅੰਬਾਨੀ ਤੇ ਅਮਰ ਸਿੰਘ ਸਮੇਤ ਕਈ ਬਾਲੀਵੁਡ ਸਿਤਾਰੇ ਲੋਖੰਡਵਾਲਾ ਉਨ੍ਹਾਂ ਦੇ 'ਗ੍ਰੀਨ ਐਕਰਸ' 'ਚ ਪੁੱਜੇ।
ਜਿੰਨਾ ਦੇ ਚਿਹਰਿਆਂ ਤੇ ਮਾਯੂਸੀ ਸਾਫ ਝਲਕ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਸ਼੍ਰੀ ਦੇਵੀ ਦੇ ਘਰ ਦੇ ਬਾਹਰ ਫੈਨਸ ਦਾ ਜਮਾਵੜਾ ਦੇਖਦੇ ਹੋਏ ਉਹਨਾਂ ਦੇ ਘਰ ਦੇ ਬਾਹਰ ਪੁਲਸ ਮੁਸਤੈਦ ਕੀਤੀ ਗਈ ਹੈ। ਜਿੰਨਾ ਨੂੰ ਉਹਨਾਂ ਦੇ ਫੈਨਸ ਨੂੰ ਕਾਬੂ ਪਾਉਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਨੇ ਨਾਲ ਹੀ ਦੁੱਖ ਦੀ ਇਸ ਘੜੀ 'ਚ ਪਰਿਵਾਰ ਵਲੋਂ ਇਕ ਕਾਰਡ ਜਾਰੀ ਕੀਤਾ ਗਿਆ ਹੈ। ਜਿਸ 'ਚ ਅੰਤਿਮ ਦਰਸ਼ਨ ਤੇ ਸ਼ਰਧਾਂਜਲੀ ਸਭਾ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ।
ਇਸ ਕਾਰਡ 'ਚ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ, ਵੱਡੀ ਬੇਟੀ ਜਾਹਨਵੀ ਕਪੂਰ ਤੇ ਪਤੀ ਬੋਨੀ ਕਪੂਰ ਦਾ ਨਾਂ ਲਿਖਿਆ ਗਿਆ ਹੈ, ਨਾਲ ਹੀ ਪੂਰੇ ਕਪੂਰ ਪਰਿਵਾਰ ਵਲੋਂ ਦੁਖ ਦੀ ਇਸ ਘੜੀ 'ਚ ਸ਼ੌਕ ਵਿਅਕਤ ਕੀਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼੍ਰੀਦੇਵੀ ਦੀ ਅੰਤਿਮ ਯਾਤਰਾ ਦੁਪਹਿਰ 2 ਵਜੇ ਸੈਲੀਬ੍ਰੇਸ਼ਨ ਸਪੋਰਟਸ ਕਲਬ ਤੋਂ ਸ਼ੁਰੂ ਹੋਵੇਗੀ, ਜੋ ਵਿਲੇ ਪਾਰਲ ਸੇਵਾ ਸਮਾਜ ਸ਼ਮਸ਼ਾਨਘਾਟ 'ਚ ਜਾ ਕੇ ਸਮਾਪਤ ਹੋਵੇਗੀ, ਜਿਥੇ ਉਹਨਾ ਦਾ ਅੰਤਿਮ ਸੰਸਤਕਾਰ ਲਗਭਗ 3:30 ਵਜੇ ਕੀਤਾ ਜਾਵੇਗਾ।