
ਮੁੰਬਈ, 28 ਫ਼ਰਵਰੀ : ਕਰੋੜਾਂ ਲੋਕਾਂ ਦੇ ਦਿਲਾਂ 'ਤੇ ਵਰ੍ਹਿਆਂ ਤਕ ਰਾਜ ਕਰਨ ਵਾਲੀ ਬਾਲੀਵੁਡ ਅਦਾਕਾਰਾ ਸ੍ਰੀਦੇਵੀ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿਤਾ ਗਿਆ। ਕੁੱਝ ਦਿਨ ਪਹਿਲਾਂ ਉਸ ਦੀ ਦੁਬਈ ਦੇ ਹੋਟਲ ਵਿਚ ਮੌਤ ਹੋ ਗਈ ਸੀ ਤੇ ਕਲ ਰਾਤ ਉਸ ਦੀ ਦੇਹ ਮੁੰਬਈ ਲਿਆਂਦੀ ਗਈ ਸੀ। ਸਸਕਾਰ ਤੋਂ ਪਹਿਲਾਂ ਉਸ ਦੀ ਮ੍ਰਿਤਕ ਦੇਹ ਘਰ ਲਾਗੇ ਪੈਂਦੇ ਕਲੱਬ ਵਿਚ ਅੰਤਮ ਦਰਸ਼ਨਾਂ ਲਈ ਰੱਖੀ ਗਈ ਅਤੇ ਉਥੋਂ ਸ਼ਮਸ਼ਾਨ ਘਾਟ ਤਕ ਅੰਤਮ ਯਾਤਰਾ ਕੱਢੀ ਗਈ। ਸੜਕ ਦੇ ਆਲੇ-ਦੁਆਲੇ ਹਜ਼ਾਰਾਂ ਪ੍ਰਸ਼ੰਸਕ ਖੜੇ ਸਨ ਅਤੇ ਸ੍ਰੀਦੇਵੀ ਦੀ ਆਖ਼ਰੀ ਝਲਕ ਲੈ ਰਹੇ ਸਨ। ਸ੍ਰੀਦੇਵੀ ਦੇ ਪਤੀ ਬੋਨੀ ਕਪੂਰ ਨੇ ਉਸ ਦੀ ਚਿਤਾ ਨੂੰ ਅਗਨੀ ਵਿਖਾਈ। ਸ੍ਰੀਦੇਵੀ ਦਾ ਸਰੀਰ ਤਿਰੰਗੇ ਵਿਚ ਲਪੇਟਿਆ ਗਿਆ ਸੀ ਅਤੇ ਉਸ ਨੂੰ ਬੰਦੂਕਾਂ ਦੀ ਸਲਾਮੀ ਦਿਤੀ ਗਈ। ਉਸ ਨੂੰ ਲਾੜੀ ਵਾਂਗ ਸਜਾਇਆ ਹੋਇਆ ਸੀ। ਸ੍ਰੀਦੇਵੀ ਦੇ ਲੰਖੰਡਵਾਲਾ ਵਾਲੇ ਘਰ ਤੋਂ ਸ਼ਮਸ਼ਾਨ ਘਾਟ ਤਕ ਸੱਤ ਕਿਲੋਮੀਟ ਦੀ ਅੰਤਮ ਯਾਤਰਾ ਵਿਚ ਕਰੀਬ ਦੋ ਘੰਟੇ ਲੱਗੇ। ਸਫ਼ੈਦ ਫੁੱਲਾਂ ਨਾਲ ਸਜੇ ਟਰੱਕ ਵਿਚ ਮ੍ਰਿ੍ਰਤਕ ਦੇਹ ਰੱਖੀ ਗਈ ਸੀ। ਜਦ ਟਰੱਕ ਸ਼ਮਸ਼ਾਨ ਘਾਟ ਲਈ ਨਿਕਲਿਆਂ ਤਾਂ ਪ੍ਰਸ਼ੰਸਕ ਉਸ ਵਲ ਦੌੜ ਪਏ ਜਿਨ੍ਹਾਂ ਵਿਚ ਬੱਚੇ, ਔਰਤਾਂ ਤੇ ਬਜ਼ੁਰਗ ਵੀ ਸ਼ਾਮਲ ਸਨ।
ਬਾਲੀਵੁਡ ਅਤੇ ਹੋਰ ਖੇਤਰਾਂ ਦੀਆਂ ਹਸਤੀਆਂ ਸਮੇਤ ਹਜ਼ਾਰਾਂ ਲੋਕਾਂ ਨੇ ਉਸ ਨੂੰ ਸ਼ਰਧਾਂਜਲੀ ਦਿਤੀ। ਉਸ ਦਾ ਸਸਕਾਰ ਦੱਖਣ ਭਾਰਤੀ ਰਸਮ ਨਾਲ ਕੀਤਾ ਗਿਆ ਜਿਸ ਲਈ ਤਾਮਿਲਨਾਡੂ ਤੋਂ ਪੰਡਤਾਂ ਨੂੰ ਬੁਲਾਇਆ ਗਿਆ ਸੀ। ਸ੍ਰੀਦੇਵੀ ਨੂੰ ਸਾਲ 2014 ਵਿਚ ਪਦਮਸ੍ਰੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਇਸੇ ਕਾਰਨ ਮਹਾਰਾਸ਼ਟਰ ਸਰਕਾਰ ਨੇ ਉਸ ਨੂੰ ਸਰਕਾਰੀ ਸਨਮਾਨਾਂ ਨਾਲ ਵਿਦਾਈ ਦੇਣ ਦਾ ਫ਼ੈਸਲਾ ਕੀਤਾ। ਇਸ ਮੌਕੇ ਰੇਖਾ, ਐਸ਼ਵਰਿਆ ਰਾਏ, ਅਰਬਾਜ਼ ਖ਼ਾਨ, ਜਤਿੰਦਰ, ਸ਼ਾਹਰੁਖ਼ ਖ਼ਾਨ, ਅਕਸ਼ੇ ਖੰਨਾ, ਫ਼ਰਾਹ ਖ਼ਾਨ, ਮੁਕੇਸ਼, ਵਿਦਿਆ ਬਾਲਨ, ਸੁਸ਼ਮਿਤਾ ਸੇਨ, ਸ਼ਬਾਨਾ ਆਜ਼ਮੀ, ਅਮਿਤਾਭ ਬੱਚਨ, ਜਾਵੇਦ ਅਖ਼ਤਰ, ਮਧੁਰ ਭੰਡਾਰਕਰ, ਦੀਪਕਾ ਪਾਦੂਕੋਣ, ਸੰਜੇ ਲੀਲਾ ਭੰਸਾਲੀ, ਹੇਮਾ ਮਾਲਿਨੀ, ਜਯਾ, ਅਜੇ ਦੇਵਗਨ, ਕਾਜੋਲ ਜਿਹੀਆਂ ਫ਼ਿਲਮੀ ਹਸਤੀਆਂ ਮੌਜੂਦ ਸਨ। (ਏਜੰਸੀ)