
ਨਵੀਂ ਦਿੱਲੀ: ਬਾਲੀਵੁਡ ਅਦਾਕਾਰਾ ਸ਼੍ਰੀਦੇਵੀ ਦਾ ਮ੍ਰਿਤਕ ਸਰੀਰ ਅਜੇ ਵੀ ਭਾਰਤ ਨਹੀਂ ਆਇਆ ਹੈ। ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ‘ਚ ਅਜੇ ਤੱਕ ਸਫਲਤਾ ਨਹੀਂ ਮਿਲ ਸਕੀ ਹੈ। ਹੁਣ ਤੱਕ ਸ਼੍ਰੀਦੇਵੀ ਦੀ ਮੌਤ ਨਾਲ ਜੁੜੀਆਂ ਕਈ ਥਿਓਰੀਆਂ ਸਾਹਮਣੇ ਆ ਚੁੱਕੀਆਂ ਹਨ।
ਦੁਬਈ ਫੋਰੈਂਸਿਕ ਡਿਪਾਰਟਮੈਂਟ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਸਾਜ਼ਿਸ਼ ਦੇ ਐਂਗਲ ਨੂੰ ਵੀ ਨਕਾਰ ਚੁੱਕਾ ਹੈ ਪਰ ਪਬਲਿਕ ਪ੍ਰਾਸੀਕਿਊਸ਼ਨ ਆਟੋਪਸੀ ਰਿਪੋਰਟ ਤੋਂ ਸੰਤੁਸ਼ਟ ਨਹੀਂ ਦੱਸਿਆ ਜਾ ਰਿਹਾ ਹੈ। ਪਬਲਿਕ ਪ੍ਰਾਸੀਕਿਊਸ਼ਨ ਨੇ ਉਸ ਹੋਟਲ ਦੀ ਸੀ.ਸੀ.ਟੀ.ਵੀ. ਫੁਟੇਜ ਮੰਗਵਾਈ ਹੈ, ਜਿਸ ‘ਚ ਸ਼੍ਰੀਦੇਵੀ ਦੀ ਮੌਤ ਹੋਈ ਹੈ।
ਇਕ ਹੋਰ ਨਿਊਜ਼ ਚੈਨੇਲ ਦੀ ਰਿਪੋਰਟ ਮੁਤਾਬਿਕ ਪਬਲਿਕ ਪ੍ਰਾਸੀਕਿਊਸ਼ਨ ਇਸ ਥਿਓਰੀ ‘ਤੇ ਭਰੋਸਾ ਨਹੀਂ ਕਰ ਪਾ ਰਹੇ ਹਨ ਕਿ ਸ਼੍ਰੀਦੇਵੀ ਬੇਹੋਸ਼ ਹੋ ਕੇ ਬਾਥਟੱਬ ‘ਚ ਡਿੱਗੀ ਤੇ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਮੀਡੀਆ ‘ਚ ਆਈਆਂ ਖਬਰਾਂ ‘ਚ ਸ਼੍ਰੀਦੇਵੀ ਦੀ ਮੌਤ ਦਾ ਕਾਰਨ ਕਾਰਡੀਏਕ ਅਰੈਸਟ ਦੱਸਿਆ ਗਿਆ ਸੀ। ਬਾਅਦ ‘ਚ ਸ਼੍ਰੀਦੇਵੀ ਦੇ ਪੋਸਟਮਾਰਟਮ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਬਾਥਟੱਬ ‘ਚ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।
ਦੁਬਈ ਪੁਲਿਸ ਨੇ ਪੋਸਟਮਾਰਟਮ ਰਿਪੋਰਟ ਦੇ ਅਧਾਰ ‘ਤੇ ਇਸ ਦੀ ਪੁਸ਼ਟੀ ਕੀਤੀ। ਸਥਾਨਕ ਮੀਡੀਆ ਨੇ ਫੋਰੈਂਸਿਕ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਕਿ ਸ਼੍ਰੀਦੇਵੀ ਦੇ ਸਰੀਰ ‘ਚੋਂ ਸ਼ਰਾਬ ਦੇ ਅੰਸ਼ ਪਾਏ ਗਏ ਹਨ। ਦੁਬਈ ਪੁਲਿਸ ਨੇ ਕਿਹਾ ਕਿ ਸ਼੍ਰੀਦੇਵੀ ਬੇਹੋਸ਼ ਹੋ ਕੇ ਬਾਥਟੱਬ ‘ਚ ਡਿੱਗ ਗਈ। ਸ਼੍ਰੀਦੇਵੀ ਦੀ ਮੌਤ ਅਜੇ ਵੀ ਜਾਂਚ ਦਾ ਵਿਸ਼ਾ ਬਣੀ ਹੋਈ ਹੈ। ਦੁਬਈ ਪੁਲਿਸ ਆਪਣੇ ਵਲੋਂ ਇਸ ਮਾਮਲੇ ਨੂੰ ਕਲੀਨ ਚਿੱਟ ਦੇ ਚੁੱਕੀ ਹੈ ਤੇ ਫਿਲਹਾਲ ਇਸ ਮਾਮਲੇ ‘ਚ ਪਬਲਿਕ ਪ੍ਰੋਸੀਕਿਊਸ਼ਨ ਦੀ ਆਗਿਆ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਦੁਬਈ ਦੇ ਨਿਯਮਾਂ ਦੇ ਮੁਤਾਬਕ ਐਕਸੀਡੈਂਟਲ ਡੈਥ ਦੇ ਅਜਿਹੇ ਮਾਮਲਿਆਂ ‘ਚ ਪੋਸਟਮਾਰਟਮ ਰਿਪੋਰਟ ਤੇ ਫੋਰੈਂਸਿਕ ਰਿਪੋਰਟ ਨੂੰ ਪਬਲਿਕ ਪ੍ਰਾਸੀਕਿਊਸ਼ਨ ਦੇ ਹਵਾਲੇ ਕੀਤਾ ਜਾਂਦਾ ਹੈ। ਦੁਬਈ ‘ਚ ਭਾਰਤੀ ਰਾਜਦੂਤ ਨਵਦੀਪ ਸੂਰੀ ਨੇ ਦੱਸਿਆ ਕਿ ਭਾਰਤੀ ਦੂਤਘਰ ਇਸ ਮਾਮਲੇ ‘ਚ ਦੁਬਈ ਦੀ ਲੋਕਲ ਅਥਾਰਟੀ ਦੇ ਨਾਲ ਸੰਪਰਕ ‘ਚ ਹੈ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਭਿਜਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਿਉਂ ਹੋ ਰਹੀ ਸੀ ਦੇਰੀ?
ਦਰਅਸਲ, ਸ਼੍ਰੀਦੇਵੀ ਦਾ ਪੋਸਟਮਾਰਟਮ ਐਤਵਾਰ ਨੂੰ ਹੀ ਹੋ ਚੁੱਕਿਆ ਸੀ, ਪਰ ਰਿਪੋਰਟ ਆਉਣ ਵਿੱਚ ਦੇਰੀ ਹੋਈ ਸੀ। ਇਸ ਕਾਰਨ ਸ਼੍ਰੀਦੇਵੀ ਦਾ ਡੈੱਥ ਸਰਟੀਫਿਕੇਟ ਵੀ ਅਜੇ ਤੱਕ ਨਹੀਂ ਬਣਿਆ ਸੀ। ਅਜੇ ਤੱਕ ਸ਼੍ਰੀਦੇਵੀ ਦਾ ਮ੍ਰਿਤਕ ਸਰੀਰ ਪੁਲਿਸ ਦੀ ਕਸਟਡੀ ਵਿੱਚ ਹੀ ਸੀ। ਕਾਨੂੰਨੀ ਪਰਿਕ੍ਰਿਆ ਵਿੱਚ ਦੋ ਤੋਂ ਤਿੰਨ ਘੰਟੇ ਲੱਗਣ ਦੇ ਕਾਰਨ ਲਗਾਤਾਰ ਦੇਰੀ ਹੁੰਦੀ ਗਈ।