
ਬਠਿੰਡਾ, 15 ਨਵੰਬਰ (ਸੁਖਜਿੰਦਰ ਮਾਨ): ਪਿਛਲੇ ਕਈ ਦਿਨਾਂ ਤੋਂ ਉਡੀਕੀ ਜਾ ਰਹੀ ਠੰਢ ਦੀ ਪਹਿਲੀ ਬਰਸਾਤ ਨੇ ਕਿਸਾਨਾਂ ਨੂੰ ਚਿੰਤਾ 'ਚ ਡੋਬ ਦਿਤਾ ਹੈ। ਪਹਿਲਾਂ ਹੀ ਮੌਸਮ ਠੰਢਾ ਹੋਣ ਕਾਰਨ ਕਣਕ ਦੀ ਬੀਜਾਈ ਤੋਂ ਪਛੜ ਚੁੱਕੇ ਕਿਸਾਨਾਂ ਹੁਣ ਪਹਿਲਾਂ ਬੀਜੀ ਕਣਕ ਦੇ ਕਰੰਡ ਹੋਣ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ। ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਵਾਰ ਹਾਲੇ ਤਕ ਇਕ ਤਿਹਾਈ ਰਕਬੇ ਵਿਚ ਹੀ ਕਣਕ ਦੀ ਬੀਜਾਈ ਹੋ ਸਕੀ ਹੈ ਜਦਕਿ ਪਿਛਲੇ ਸੀਜ਼ਨ 'ਚ ਹੁਣ ਤਕ ਅੱਧੀ ਤੋਂ ਵਧ ਕਣਕ ਬੀਜੀ ਜਾ ਚੁੱਕੀ ਸੀ। ਹੁਣ ਬਾਰਸ਼ ਕਾਰਨ ਕਣਕ ਦੀ ਬੀਜਾਈ ਹੋਰ ਵੀ ਪਛੜ ਗਈ ਹੈ। ਦੂਜੇ ਪਾਸੇ ਬੀਤੇ ਕਲ ਤੋਂ ਰਾਤ ਤਕ ਰੁਕ-ਰੁਕ ਕੇ ਹੁੰਦੀ ਰਹੀ ਇਸ ਬਰਸਾਤ ਨੇ ਆਸਮਾਨ ਵਿਚ ਪਿਛਲੇ ਦੋ ਹਫ਼ਤਿਆਂ ਤੋਂ ਫ਼ੈਲੇ ਧੂੰਏਂ ਅਤੇ ਧੁੰਦ ਨੂੰ ਚੁੱਕ ਦਿਤਾ ਜਿਸ ਕਾਰਨ ਆਸਮਾਨ ਤਾਂ ਜ਼ਰੂਰ ਸਾਫ਼ ਹੋ ਗਿਆ ਪਰ ਇਸ ਬਰਸਾਤ ਕਾਰਨ ਠੰਢ ਵੀ ਇਕਦਮ ਵਧ ਗਈ।
ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਬਰਸਾਤ ਕਾਰਨ ਪਾਰਾ 20 ਡਿਗਰੀ ਤਕ ਪੁੱਜ ਗਿਆ ਹੈ। ਬਠਿੰਡਾ ਪੱਟੀ 'ਚ ਇਕ ਘੰਟੇ ਦੌਰਾਨ 7.4 ਮਿਲੀਮੀਟਰ ਬਰਸਾਤ ਹੋਣ ਦੀ ਸੂਚਨਾ ਹੈ। ਮਾਹਰਾਂ ਮੁਤਾਬਕ ਆਉਣ ਵਾਲੇ ਇਕ-ਦੋ ਦਿਨਾਂ ਤਕ ਬਰਸਾਤੀ ਮੌਸਮ ਜਾਰੀ ਰਹਿ ਸਕਦਾ ਹੈ ਜਿਸ ਨਾਲ ਠੰਢ ਹੋਰ ਵਧ ਸਕਦੀ ਹੈ। ਖੇਤੀਬਾੜੀ ਅਧਿਕਾਰੀਆਂ ਮੁਤਾਬਕ ਪਿਛਲੇ ਦਿਨਾਂ 'ਚ ਧੂੰਏਂ ਅਤੇ ਧੁੰਦ ਕਾਰਨ ਕਣਕ ਦੀ ਬੀਜਾਈ ਪਛੜ ਗਈ ਸੀ ਤੇ ਇਸ ਮੀਂਹ ਨਾਲ ਇਸ ਦੇ ਹੋਰ ਪਛੜਣ ਦੀ ਸੰਭਾਵਨਾ ਹੈ। ਹਾਲਾਂਕਿ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਦਿੱਤਾ ਸਿੰਘ ਸਿੱਧੂ ਮੁਤਾਬਕ ਇਸ ਮੀਂਹ ਕਾਰਨ ਕਿਧਰੇ ਕਣਕ ਦੇ ਕਰੰਡ ਹੋਣ ਦੀ ਸੂਚਨਾ ਨਹੀਂ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਧਰਤੀ ਵਿਚੋਂ ਪੁੰਗਰਨ ਵਾਲੀ ਕਣਕ ਇਸ ਮੀਂਹ ਕਾਰਨ ਕਰੰਡ ਹੋਈ ਹੈ। ਪਿੰਡ ਸੇਮਾ ਦੇ ਕਿਸਾਨ ਆਗੂ ਜਸਵੀਰ ਸਿੰਘ ਮੁਤਾਬਕ ਜ਼ਿਲ੍ਹੇ ਦੇ ਕਈ ਪਿੰਡਾਂ ਵਿਚੋਂ ਪ੍ਰਾਪਤ ਕੀਤੀਆਂ ਸੂਚਨਾਵਾਂ ਮੁਤਾਬਕ ਮੀਂਹ ਨੇ ਕਣਕ ਨੂੰ ਕਰੰਡ ਕੀਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਖੇਤੀਬਾੜੀ ਅਧਿਕਾਰੀ ਫ਼ੀਲਡ 'ਚ ਕਿਸਾਨਾਂ ਤੋਂ ਕਰੰਡ ਕਣਕ ਦੀ ਰੀਪੋਰਟਾਂ ਪ੍ਰਾਪਤ ਕਰਨ ਜਿਸ ਨਾਲ ਸਚਾਈ ਸਾਹਮਣੇ ਆ ਜਾਵੇਗੀ। ਗੌਰਤਲਬ ਹੈ ਕਿ ਚਾਲੂ ਸੀਜ਼ਨ 'ਚ ਗਰੀਨ ਟ੍ਰਿਊਬਨਲ ਵਲੋਂ ਕੀਤੀ ਸਖ਼ਤੀ ਦੇ ਚੱਲਦੇ ਇਸ ਵਾਰ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਵੀ ਕਾਫੀ ਹੱਦ ਤਕ ਡਰ ਡਰ ਕੇ ਸਾੜੀ ਗਈ ਹੈ ਜਿਸ ਕਾਰਨ ਪਰਾਲੀ ਨੂੰ ਗਾਲਣ ਦੇ ਚੱਕਰ ਵਿਚ ਹੀ ਕਣਕ ਦੀ ਬੀਜਾਈ ਪਿਛਲੇ ਸੀਜ਼ਨ ਦੇ ਮੁਕਾਬਲੇ ਪਛੜ ਗਈ ਸੀ। ਇਸੇ ਤਰ੍ਹਾਂ ਮੌਸਮ ਠੰਢਾ ਰਹਿਣ ਕਾਰਨ ਵੀ ਕਣਕ ਦੀ ਬੀਜਾਈ ਉਪਰ ਅਸਰ ਪਿਆ ਹੈ ਜਿਸ ਕਾਰਨ ਕਿਸਾਨਾਂ ਨੂੰ ਕਣਕ ਦਾ ਝਾੜ ਘਟਣ ਦਾ ਖ਼ਤਰਾ ਖ਼ੜਾ ਹੋ ਗਿਆ ਹੈ। ਖੇਤੀ ਮਾਹਰਾਂ ਮੁਤਾਬਕ ਮਾਲਵਾ ਪੱਟੀ 'ਚ ਕਿਸਾਨਾਂ ਵਲੋਂ ਕਣਕ ਦੀ ਅਗੇਤੀ ਕਿਸਮ 3086 ਨੂੰ ਹੀ ਤਰਜੀਹ ਦਿਤੀ ਜਾਂਦੀ ਹੈ। ਹਾਲਾਂਕਿ 2967 ਅਤੇ 550 ਦੀ ਵੀ ਕਾਫ਼ੀ ਮੰਗ ਰਹਿੰਦੀ ਹੈ। ਜ਼ਿਲ੍ਹੇ ਵਿਚ ਇਸ ਵਾਰ 2 ਲੱਖ 55 ਹਜ਼ਾਰ ਹੈਕਟੇਅਰ ਰਕਬੇ ਵਿਚ ਕਣਕ ਦੀ ਬੀਜਾਈ ਕੀਤੀ ਜਾਣੀ ਹੈ ਜਿਸ ਵਿਚੋਂ ਸਿਰਫ਼ ਇਕ ਤਿਹਾਈ ਖੇਤਰ 'ਚ ਹੀ ਹਾਲੇ ਤਕ ਕਣਕ ਦੀ ਬੀਜਾਈ ਹੋ ਸਕੀ ਹੈ।