
ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ-ਜਿੰਨੀ ਤੇਜ਼ੀ ਨਾਲ ਉਨ੍ਹਾਂ ਮਸ਼ੀਨਾਂ 'ਤੇ ਕਬਜ਼ਾ ਕੀਤਾ, ਓਨੀ ਤੇਜ਼ੀ ਨਾਲ ਭਜਣਗੇ
ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਈਦ ਉਲ ਫ਼ਿਤਰ ਮੌਕੇ ਗੁੱਸੇ ਵਿਚ ਅਪਣੇ ਵਿਰੋਧੀਆਂ ਨੂੰ ਰਗੜੇ ਲਾਏ ਅਤੇ ਕਿਹਾ ਕਿ ਜਿਹੜਾ ਉਨ੍ਹਾਂ ਨਾਲ ਟਕਰਾਏਗਾ, ਚੂਰ-ਚੂਰ ਹੋ ਜਾਏਗਾ। ਬੈਨਰਜੀ ਨੇ ਇਥੇ ਰੇਡ ਰੋਡ ਵਿਖੇ ਸਮਾਗਮ ਵਿਚ ਲੋਕਾਂ ਨੂੰ ਵਧਾਈ ਦਿਤੀ। ਰੇਡ ਰੋਡ 'ਤੇ ਨਮਾਜ਼ ਅਦਾ ਕਰਨ ਲਈ ਬੇਸ਼ੁਮਾਰ ਲੋਕ ਆਏ ਹੋਏ ਸਨ। ਉਨ੍ਹਾਂ ਭਾਜਪਾ ਵਲ ਇਸ਼ਾਰਾ ਕਰਦਿਆਂ ਕਿਹਾ, 'ਸਾਡਾ ਇਹ ਨਾਹਰਾ ਹੈ-ਜਿਹੜਾ ਸਾਡਾ ਨਾਲ ਟਕਰਾਏਗਾ, ਚੂਰ ਚੂਰ ਹੋ ਜਾਏਗਾ।' ਬੈਨਰਜੀ ਨੇ ਨਮਾਜ਼ੀਆਂ ਨੂੰ ਸੰਬੋਧਤ ਕਰਦਿਆਂ ਕਿਹਾ, 'ਤਿਆਗ ਦਾ ਨਾਮ ਹਿੰਦੀ ਅਤੇ ਈਮਾਨ ਦਾ ਨਾਮ ਮੁਸਲਮਾਨ।
Mamta Benerjee
ਪਿਆਰ ਦਾ ਨਾਮ ਈਸਾਈ ਅਤੇ ਕੁਰਬਾਨੀ ਦਾ ਨਾਮ ਸਿੱਖ ਹੈ। ਇਹ ਸਾਡਾ ਪਿਆਰਾ ਹਿੰਦੁਸਤਾਨ ਹੈ। ਅਸੀਂ ਇਸ ਦੀ ਰਾਖੀ ਕਰਾਂਗੇ।' ਉਨ੍ਹਾਂ ਕਿਹਾ, 'ਡਰਨ ਦੀ ਕੋਈ ਗੱਲ ਨਹੀਂ, ਕਦੇ ਕਦੇ ਸੂਰਜ ਉਗਦਾ ਹੈ ਤਾਂ ਇਸ ਦੀਆਂ ਕਿਰਨਾਂ ਬਹੁਤ ਤਿੱਖੀਆਂ ਹੁੰਦੀਆਂ ਹਨ ਪਰ ਬਾਅਦ ਵਿਚ ਫਿੱਕੀਆਂ ਪੈ ਜਾਂਦੀਆਂ ਹਨ। ਜਿੰਨੀ ਤੇਜ਼ੀ ਨਾਲ ਉਨ੍ਹਾਂ ਈਵੀਐਮ 'ਤੇ ਕਬਜ਼ਾ ਕੀਤਾ ਸੀ, ਓਨੀ ਤੇਜ਼ੀ ਨਾਲ ਭੱਜ ਜਾਣਗੇ।'
Mamta Benerjee
ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਭਾਜਪਾ ਹੱਥੋਂ ਤਗੜਾ ਝਟਕਾ ਲੱਗਾ ਹੈ। ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਰਾਜ ਦੀਆਂ 42 ਸੀਟਾਂ ਵਿਚੋਂ 18 'ਤੇ ਜਿੱਤ ਦਰਜ ਕੀਤੀ ਹੈ। ਬੈਨਰਜੀ ਭਾਜਪਾ ਕਾਰਕੁਨਾਂ ਦੁਆਰਾ ਲਾਏ ਜਾਣ ਵਾਲੇ 'ਜੈ ਸ੍ਰੀ ਰਾਮ' ਦੇ ਨਾਹਰੇ ਦੀ ਵੀ ਵਿਰੋਧੀ ਰਹੀ ਹੈ। ਉਸ ਦਾ ਦੋਸ਼ ਹੈ ਕਿ ਭਗਵਾਂ ਪਾਰਟੀ ਇਸ ਨਾਹਰੇ ਜ਼ਰੀਏ ਧਰਮ ਨੂੰ ਰਾਜਨੀਤੀ ਨਾਲ ਰਲਗੱਡ ਕਰ ਰਹੀ ਹੈ। ਪਿਛਲੇ ਕੁੱਝ ਹਫ਼ਤਿਆਂ ਦੌਰਾਨ ਮੁੱਖ ਮੰਤਰੀ ਦੋ ਵਾਰ ਤਦ ਆਪਾ ਖੋ ਬੈਠੀ ਜਦ ਰਾਜ ਵਿਚ ਕੁੱਝ ਥਾਵਾਂ 'ਤੇ ਉਸ ਦਾ ਕਾਫ਼ਲਾ ਲੰਘਣ 'ਤੇ ਜੈ ਸ੍ਰੀ ਰਾਮ ਦਾ ਨਾਹਰਾ ਲਾਇਆ ਗਿਆ ਸੀ।