ਕੋਰੋਨਾ ਦੌਰਾਨ ਭਰਤੀ ਕੀਤੇ ਕਾਮਿਆਂ ਨੇ ਦੀਵਾਲੀ ਮੌਕੇ ਕੱਢੀ ਰੋਸ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਕੰਮ ਤੋਂ ਹਟਾਏ ਜਾਣ ਦੇ ਰੋਸ ਵਜੋਂ ਮਨਾਈ ‘ਕਾਲੀ ਦੀਵਾਲੀ’

Kaali Diwali

ਫ਼ਰੀਦਕੋਟ (ਸੁਖਜਿੰਦਰ ਸਹੋਤਾ) : ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਕਰੀਬ ਇਕ ਸਾਲ ਤੱਕ ਕੋਰੋਨਾ ਮਹਾਮਾਰੀ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੰਜਾਬ ਸਰਕਾਰ ਵਲੋਂ ਖ਼ਤਮ ਕਰ ਦਿਤੀਆਂ ਗਈਆਂ ਸਨ। ਜਿਸ ਦੇ ਵਿਰੋਧ ਵਿਚ ਕੋਰੋਨਾ ਕਾਮਿਆਂ ਨੇ ਸਰਕਾਰ ਖ਼ਿਲਾਫ਼ ਰੋਸ ਰੈਲੀ ਕੱਢੀ ਅਤੇ ਕਾਲੀ ਦੀਵਾਲੀ ਮਨਾਈ। ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਹਰੇਬਾਜ਼ੀ ਵੀ ਕੀਤੀ। 

ਇਸ ਮੌਕੇ ਗੱਲਬਾਤ ਕਰਦਿਆਂ ਮੁਲਾਜ਼ਮਾਂ ਨੇ ਕਿਹਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਕੋਰੋਨਾ ਮਹਾਮਾਰੀ ਦੌਰਾਨ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਕੰਮ ਕਰਨ ਵਾਲੇ ਕੋਰੋਨਾ ਯੋਧਿਆਂ ਨੂੰ ਬੇਰੁਜ਼ਗਾਰ ਕਰ ਦਿਤਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਦੁਸਹਿਰੇ 'ਤੇ ਮੋਰਿੰਡਾ ਗਏ ਸੀ ਜਿਥੇ CM ਚੰਨੀ ਵਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਇਥੇ ਬਹੁਤ ਸਾਰੇ ਮੈਡੀਕਲ ਹਸਪਤਾਲ ਬਣਾਏ ਜਾਣਗੇ। ਜਿਥੇ ਨਵਾਂ ਸਟਾਫ਼ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਜੋ ਪਹਿਲਾਂ ਹੀ ਬੇਰੁਜ਼ਗਾਰ ਹਨ ਉਨ੍ਹਾਂ ਦੀਆਂ ਪਹਿਲ ਦੇ ਅਧਾਰ 'ਤੇ ਤੈਨਾਤੀਆਂ ਬਹਾਲ ਕੀਤੀਆਂ ਜਾਣ ਅਤੇ ਫਿਰ ਨਵੇਂ ਸਟਾਫ਼ ਦੀ ਭਰਤੀ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਬੇਰੁਜ਼ਗਾਰ ਮੁਲਾਜ਼ਮਾਂ ਵਲੋਂ ਹਰ ਰੋਜ਼ ਉਨ੍ਹਾਂ ਦਾ ਪਿੱਟ ਸਿਆਪਾ ਵੀ ਕੀਤਾ ਜਾਂਦਾ ਹੈ ਪਰ ਮੁੱਖ ਮੰਤਰੀ ਤੱਕ ਆਵਾਜ਼ ਹੀ ਨਹੀਂ ਪਹੁੰਚ ਰਹੀ ਜਾਂ ਫਿਰ ਉਹ ਖ਼ੁਦ ਇਸ ਨੂੰ ਸਮਝਣਾ ਹੀ ਨਹੀਂ ਚਾਹੁੰਦੇ। 

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ CM ਚੰਨੀ ਨੇ ਪਟਾਕੇ ਚਲਾਉਣ ਦਾ ਸਮਾਂ ਤਾਂ ਨਿਰਧਾਰਤ ਕਰ ਦਿਤਾ ਪਰ ਕੀ ਉਨ੍ਹਾਂ ਨੂੰ ਨਹੀਂ ਲਗਦਾ ਕਿ ਕੋਰੋਨਾ ਯੋਧਿਆਂ, ਜੋ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਨੂੰ ਵੀ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਉਹ ਵੀ ਦੀਵਾਲੀ ਦੀਆਂ ਖੁਸ਼ੀਆਂ ਮਨਾਂ ਸਕਣ ਅਤੇ ਆਪਣੀ ਡਿਊਟੀ ਵੀ ਤਨਦੇਹੀ ਨਾਲ ਨਿਭਾਅ ਸਕਣ। 

ਇੱਕ ਹੋਰ ਮੁਲਾਜ਼ਮ ਨੇ ਗੱਲ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਉਨ੍ਹਾਂ ਨੂੰ ਬਾਹਰ ਕਰਨ 'ਤੇ ਉਨ੍ਹਾਂ ਦੇ ਘਰਾਂ ਅਤੇ ਪਰਵਾਰਾਂ 'ਤੇ ਅਸਰ ਹੋ ਰਿਹਾ ਹੈ। ਇਹ ਇਕੋ ਇਕ ਰੁਜ਼ਗਾਰ ਦਾ ਸਾਧਨ ਸੀ ਜੋ ਉਹ ਵੀ ਖੋਹ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਹੀ ਉਹ ਕਾਲੀ ਦੀਵਾਲੀ ਮਨਾਂ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਨੌਕਰੀਆਂ ਬਹਾਲ ਕੀਤੀਆਂ ਜਾਣ ਤਾਂ ਜੋ ਉਹ ਵੀ ਆਪਣੇ ਪਰਵਾਰ ਦਾ ਢਿੱਡ ਭਰ ਸਕਣ।